6ਗੋਮਰ ਫੇਰ ਗਰਭਵਤੀ ਹੋਈ ਅਤੇ ਇੱਕ ਧੀ ਨੂੰ ਜਨਮ ਦਿੱਤਾ। ਤਦ ਯਾਹਵੇਹ ਨੇ ਹੋਸ਼ੇਆ ਨੂੰ ਕਿਹਾ, “ਉਸ ਦਾ ਨਾਮ ਲੋ-ਰੁਹਾਮਾਹ ਰੱਖ, ਕਿਉਂਕਿ ਮੈਂ ਹੁਣ ਇਸਰਾਏਲ ਨੂੰ ਪਿਆਰ ਨਹੀਂ ਕਰਾਂਗਾ, ਕਿ ਮੈਂ ਉਨ੍ਹਾਂ ਨੂੰ ਮਾਫ਼ ਕਰ ਦੇਵਾਂ।
7ਪਰ ਮੈਂ ਯਹੂਦਾਹ ਦੇ ਘਰਾਣੇ ਨੂੰ ਪਿਆਰ ਕਰਾਂਗਾ; ਅਤੇ ਮੈਂ ਉਨ੍ਹਾਂ ਨੂੰ ਧਣੁੱਖ, ਤਲਵਾਰ ਜਾਂ ਲੜਾਈ, ਜਾਂ ਘੋੜਿਆਂ ਅਤੇ ਘੋੜਸਵਾਰਾਂ ਦੁਆਰਾ ਨਹੀਂ ਬਚਾਵਾਂਗਾ, ਪਰ ਮੈਂ ਉਨ੍ਹਾਂ ਦਾ ਯਾਹਵੇਹ ਪਰਮੇਸ਼ਵਰ ਉਨ੍ਹਾਂ ਨੂੰ ਬਚਾਵਾਂਗਾ।”
8ਲੋ-ਰੁਹਾਮਾਹ ਨੂੰ ਦੁੱਧ ਛੁਡਾਉਣ ਤੋਂ ਬਾਅਦ, ਗੋਮਰ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ।
9ਤਦ ਯਾਹਵੇਹ ਨੇ ਆਖਿਆ, “ਉਸ ਦਾ ਨਾਮ ਲੋ-ਅੰਮੀ ਰੱਖ, ਕਿਉਂਕਿ ਤੁਸੀਂ ਮੇਰੇ ਲੋਕ ਨਹੀਂ ਹੋ, ਅਤੇ ਮੈਂ ਤੁਹਾਡਾ ਪਰਮੇਸ਼ਵਰ ਨਹੀਂ ਹਾਂ।
10“ਫਿਰ ਵੀ ਇਸਰਾਏਲੀ ਸਮੁੰਦਰ ਦੇ ਕੰਢੇ ਦੀ ਰੇਤ ਵਰਗੇ ਹੋਣਗੇ, ਜਿਸ ਨੂੰ ਨਾ ਮਿਣਿਆ ਜਾ ਸਕਦਾ ਹੈ ਅਤੇ ਨਾ ਹੀ ਗਿਣਿਆ ਜਾ ਸਕਦਾ ਹੈ। ਉਸੇ ਜਗ੍ਹਾ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ, ਉੱਥੇ ਉਹਨਾਂ ਨੂੰ ਜੀਉਂਦੇ ਪਰਮੇਸ਼ਵਰ ਦੇ ਬੱਚੇ ਕਿਹਾ ਜਾਵੇਗਾ।’