2ਤਦ ਅੱਸ਼ੂਰ ਦੇ ਰਾਜੇ ਨੇ ਆਪਣੇ ਸੈਨਾਪਤੀ ਨੂੰ ਲਾਕੀਸ਼ ਤੋਂ ਵੱਡੀ ਫ਼ੌਜ ਨਾਲ ਯੇਰੂਸ਼ਲੇਮ ਵਿੱਚ ਰਾਜਾ ਹਿਜ਼ਕੀਯਾਹ ਕੋਲ ਭੇਜਿਆ। ਜਦੋਂ ਸੈਨਾਪਤੀ ਦੇ ਖੇਤ ਦੇ ਰਸਤੇ ਉੱਤੇ ਉੱਪਰਲੇ ਤਲਾਬ ਦੇ ਪਾਣੀ ਦੇ ਧੋਬੀ ਘਾਟ ਕੋਲ ਰੁਕਿਆ,
3ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਇਹ ਤਿੰਨੋਂ ਉਸ ਨੂੰ ਮਿਲਣ ਲਈ ਬਾਹਰ ਆਏ।
4ਮੈਦਾਨ ਦੇ ਸੈਨਾਪਤੀ ਨੇ ਉਨ੍ਹਾਂ ਨੂੰ ਕਿਹਾ, “ਹਿਜ਼ਕੀਯਾਹ ਨੂੰ ਆਖੋ: “ ‘ਅੱਸ਼ੂਰ ਦਾ ਰਾਜਾ ਇਹ ਆਖਦਾ ਹੈ, ਤੂੰ ਕਿਸ ਗੱਲ ਉੱਤੇ ਭਰੋਸਾ ਰੱਖੀ ਬੈਠਾ ਹੈ?
5ਤੂੰ ਕਹਿੰਦਾ ਹੈ ਕਿ ਤੇਰੇ ਕੋਲ ਯੁੱਧ ਲਈ ਸਲਾਹ ਅਤੇ ਤਾਕਤ ਹੈ, ਪਰ ਤੂੰ ਸਿਰਫ ਖਾਲੀ ਸ਼ਬਦ ਬੋਲਦਾ ਹੈ। ਤੂੰ ਕਿਸ ਉੱਤੇ ਨਿਰਭਰ ਹੈ ਜੋ ਤੂੰ ਮੇਰੇ ਵਿਰੁੱਧ ਬਗਾਵਤ ਕਰ ਰਿਹਾ ਹੈ?
6ਵੇਖ, ਮੈਂ ਜਾਣਦਾ ਹਾਂ ਕਿ ਤੂੰ ਮਿਸਰ ਉੱਤੇ ਨਿਰਭਰ ਹੈ, ਮਿਸਰ ਦਾ ਰਾਜਾ ਫ਼ਿਰਾਊਨ ਉਹਨਾਂ ਸਾਰਿਆਂ ਲਈ ਜੋ ਉਸ ਉੱਤੇ ਨਿਰਭਰ ਹਨ, ਇੱਕ ਕਾਨੇ ਦੀ ਤਰ੍ਹਾਂ ਹੈ ਜੇ ਕੋਈ ਮਨੁੱਖ ਉਸਨੂੰ ਢਾਸਣਾ ਲਾਵੇ ਤਾਂ ਉਹ ਉਸਦੇ ਹੱਥ ਵਿੱਚ ਖੁੱਭ ਕੇ ਉਸਨੂੰ ਪਾੜ ਦੇਵੇ।