ਯਸ਼ਾਯਾਹ 36

1ਰਾਜਾ ਹਿਜ਼ਕੀਯਾਹ ਦੇ ਰਾਜ ਦੇ ਚੌਦਵੇਂ ਸਾਲ ਵਿੱਚ, ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ।

2ਤਦ ਅੱਸ਼ੂਰ ਦੇ ਰਾਜੇ ਨੇ ਆਪਣੇ ਸੈਨਾਪਤੀ ਨੂੰ ਲਾਕੀਸ਼ ਤੋਂ ਵੱਡੀ ਫ਼ੌਜ ਨਾਲ ਯੇਰੂਸ਼ਲੇਮ ਵਿੱਚ ਰਾਜਾ ਹਿਜ਼ਕੀਯਾਹ ਕੋਲ ਭੇਜਿਆ। ਜਦੋਂ ਸੈਨਾਪਤੀ ਦੇ ਖੇਤ ਦੇ ਰਸਤੇ ਉੱਤੇ ਉੱਪਰਲੇ ਤਲਾਬ ਦੇ ਪਾਣੀ ਦੇ ਧੋਬੀ ਘਾਟ ਕੋਲ ਰੁਕਿਆ,

3ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਇਹ ਤਿੰਨੋਂ ਉਸ ਨੂੰ ਮਿਲਣ ਲਈ ਬਾਹਰ ਆਏ।

4ਮੈਦਾਨ ਦੇ ਸੈਨਾਪਤੀ ਨੇ ਉਨ੍ਹਾਂ ਨੂੰ ਕਿਹਾ, “ਹਿਜ਼ਕੀਯਾਹ ਨੂੰ ਆਖੋ: “ ‘ਅੱਸ਼ੂਰ ਦਾ ਰਾਜਾ ਇਹ ਆਖਦਾ ਹੈ, ਤੂੰ ਕਿਸ ਗੱਲ ਉੱਤੇ ਭਰੋਸਾ ਰੱਖੀ ਬੈਠਾ ਹੈ?

5ਤੂੰ ਕਹਿੰਦਾ ਹੈ ਕਿ ਤੇਰੇ ਕੋਲ ਯੁੱਧ ਲਈ ਸਲਾਹ ਅਤੇ ਤਾਕਤ ਹੈ, ਪਰ ਤੂੰ ਸਿਰਫ ਖਾਲੀ ਸ਼ਬਦ ਬੋਲਦਾ ਹੈ। ਤੂੰ ਕਿਸ ਉੱਤੇ ਨਿਰਭਰ ਹੈ ਜੋ ਤੂੰ ਮੇਰੇ ਵਿਰੁੱਧ ਬਗਾਵਤ ਕਰ ਰਿਹਾ ਹੈ?

6ਵੇਖ, ਮੈਂ ਜਾਣਦਾ ਹਾਂ ਕਿ ਤੂੰ ਮਿਸਰ ਉੱਤੇ ਨਿਰਭਰ ਹੈ, ਮਿਸਰ ਦਾ ਰਾਜਾ ਫ਼ਿਰਾਊਨ ਉਹਨਾਂ ਸਾਰਿਆਂ ਲਈ ਜੋ ਉਸ ਉੱਤੇ ਨਿਰਭਰ ਹਨ, ਇੱਕ ਕਾਨੇ ਦੀ ਤਰ੍ਹਾਂ ਹੈ ਜੇ ਕੋਈ ਮਨੁੱਖ ਉਸਨੂੰ ਢਾਸਣਾ ਲਾਵੇ ਤਾਂ ਉਹ ਉਸਦੇ ਹੱਥ ਵਿੱਚ ਖੁੱਭ ਕੇ ਉਸਨੂੰ ਪਾੜ ਦੇਵੇ।

7ਪਰ ਜੇ ਤੁਸੀਂ ਮੈਨੂੰ ਆਖੋ, “ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਉੱਤੇ ਨਿਰਭਰ ਹਾਂ” ਕੀ ਉਹ ਉਹੀ ਨਹੀਂ ਹੈ ਜਿਸ ਦੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਦਿੱਤਾ, ਯਹੂਦਾਹ ਅਤੇ ਯੇਰੂਸ਼ਲੇਮ ਨੂੰ ਕਿਹਾ, “ਤੁਹਾਨੂੰ ਯੇਰੂਸ਼ਲੇਮ ਵਿੱਚ ਇਸ ਜਗਵੇਦੀ ਦੇ ਅੱਗੇ ਮੱਥਾ ਟੇਕਣਾ ਚਾਹੀਦਾ ਹੈ”?

8“ ‘ਹੁਣ ਆ, ਮੇਰੇ ਮਾਲਕ ਅੱਸ਼ੂਰ ਦੇ ਰਾਜੇ ਨਾਲ ਸਮਝੌਤਾ ਕਰ ਅਤੇ ਮੈਂ ਤੁਹਾਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੋ ਤੁਸੀਂ ਉਹਨਾਂ ਤੇ ਸਵਾਰ ਬਿਠਾ ਸਕੋ!

9ਤਾਂ ਤੂੰ ਕਿਵੇਂ ਮੇਰੇ ਸੁਆਮੀ ਦੇ ਸਭ ਤੋਂ ਛੋਟੇ ਹਾਕਮਾਂ ਵਿੱਚੋਂ ਇੱਕ ਅਧਿਕਾਰੀ ਨੂੰ ਦੂਰ ਕਰ ਸਕਦਾ ਹੈ ਭਾਵੇਂ ਤੂੰ ਰਥਾਂ ਅਤੇ ਘੋੜ ਸਵਾਰਾਂ ਲਈ ਮਿਸਰ ਉੱਤੇ ਨਿਰਭਰ ਹੈ?

10ਇਸ ਤੋਂ ਇਲਾਵਾ, ਕੀ ਮੈਂ ਯਾਹਵੇਹ ਤੋਂ ਬਿਨਾਂ ਇਸ ਧਰਤੀ ਉੱਤੇ ਹਮਲਾ ਕਰਨ ਅਤੇ ਤਬਾਹ ਕਰਨ ਆਇਆ ਹਾਂ? ਯਾਹਵੇਹ ਨੇ ਆਪ ਮੈਨੂੰ ਇਸ ਦੇਸ਼ ਦੇ ਵਿਰੁੱਧ ਚੜ੍ਹਾਈ ਕਰਨ ਅਤੇ ਇਸਨੂੰ ਤਬਾਹ ਕਰਨ ਲਈ ਕਿਹਾ ਹੈ।’ ”

11ਤਦ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਸੈਨਾਪਤੀ ਨੂੰ ਆਖਿਆ, “ਕਿਰਪਾ ਕਰਕੇ ਆਪਣੇ ਸੇਵਕਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂਕਿ ਅਸੀਂ ਇਸਨੂੰ ਸਮਝਦੇ ਹਾਂ, ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ, ਯਹੂਦੀਆਂ ਦੀ ਇਬਰਾਨੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ।”

12ਪਰ ਸੈਨਾਪਤੀ ਨੇ ਉੱਤਰ ਦਿੱਤਾ, “ਕੀ ਮੇਰੇ ਮਾਲਕ ਨੇ ਮੈਨੂੰ ਇਹ ਗੱਲਾਂ ਸਿਰਫ ਤੁਹਾਡੇ ਲਈ ਅਤੇ ਤੁਹਾਡੇ ਮਾਲਕ ਨੂੰ ਕਹਿਣ ਲਈ ਭੇਜਿਆ ਸੀ ਅਤੇ ਇਨ੍ਹਾਂ ਸ਼ਹਿਰਪਨਾਹ ਉੱਤੇ ਬੈਠੇ ਲੋਕਾਂ ਨੂੰ ਨਹੀਂ, ਜਿਨ੍ਹਾਂ ਨੂੰ ਤੁਹਾਡੇ ਨਾਲ, ਆਪਣਾ ਹੀ ਮਲ-ਮੂਤਰ ਖਾਣਾ ਅਤੇ ਪੀਣਾ ਪਵੇਗਾ?”

13ਤਦ ਸੈਨਾਪਤੀ ਨੇ ਖੜ੍ਹਾ ਹੋ ਕੇ ਇਬਰਾਨੀ ਭਾਸ਼ਾ ਵਿੱਚ ਪੁਕਾਰ ਕੇ ਆਖਿਆ, “ਅੱਸ਼ੂਰ ਦੇ ਮਹਾਨ ਰਾਜੇ ਦੀਆਂ ਗੱਲਾਂ ਸੁਣੋ!

14ਰਾਜਾ ਇਹ ਆਖਦਾ ਹੈ, ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ। ਉਹ ਤੁਹਾਨੂੰ ਬਚਾ ਨਹੀਂ ਸਕਦਾ!

15ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਾਹਵੇਹ ਉੱਤੇ ਤੁਹਾਡਾ ਭਰੋਸਾ ਕਰਾਵੇ, ‘ਕਿ ਯਾਹਵੇਹ ਜ਼ਰੂਰ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ।’

16“ਹਿਜ਼ਕੀਯਾਹ ਦੀ ਗੱਲ ਨਾ ਸੁਣੋ। ਅੱਸ਼ੂਰ ਦਾ ਰਾਜਾ ਇਹ ਆਖਦਾ ਹੈ: ਮੇਰੇ ਨਾਲ ਸੁਲ੍ਹਾ ਕਰੋ ਅਤੇ ਮੇਰੇ ਕੋਲ ਬਾਹਰ ਆ ਜਾਓ। ਤਦ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਅੰਗੂਰੀ ਦੀ ਵੇਲ ਅਤੇ ਹੰਜੀਰ ਦੇ ਰੁੱਖ ਦਾ ਫਲ ਖਾਵੇਗਾ ਅਤੇ ਆਪਣੇ ਹੀ ਟੋਏ ਵਿੱਚੋਂ ਪਾਣੀ ਪੀਵੇਗਾ,

17ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜਿਹੜਾ ਤੁਹਾਡੇ ਦੇਸ ਵਾਂਗੂੰ ਅਨਾਜ ਅਤੇ ਨਵੀਂ ਦਾਖਰਸ ਦਾ ਦੇਸ, ਰੋਟੀ ਅਤੇ ਅੰਗੂਰੀ ਬਾਗ਼ਾਂ ਦਾ ਦੇਸ ਹੈ।

18“ਸਾਵਧਾਨ, ਹਿਜ਼ਕੀਯਾਹ ਤੁਹਾਨੂੰ ਇਹ ਕਹਿ ਕੇ ਗੁਮਰਾਹ ਨਾ ਕਰੇ, ‘ਯਾਹਵੇਹ ਸਾਨੂੰ ਛੁਡਾਵੇਗਾ।’ ਕੀ ਕਦੇ ਕਿਸੇ ਕੌਮ ਦੇ ਦੇਵਤਿਆਂ ਨੇ ਆਪਣੇ ਦੇਸ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਇਆਂ ਹੈ?

19ਹਮਾਥ ਅਤੇ ਅਰਪਾਦ ਦੇ ਦੇਵਤੇ ਕਿੱਥੇ ਹਨ? ਸਫ਼ਰਵਇਮ ਦੇ ਦੇਵਤੇ ਕਿੱਥੇ ਹਨ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ?

20ਇਨ੍ਹਾਂ ਦੇਸ਼ਾਂ ਦੇ ਸਾਰੇ ਦੇਵਤਿਆਂ ਵਿੱਚੋਂ ਉਹ ਕੌਣ ਹਨ, ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਹੋਵੇ? ਤਾਂ ਫਿਰ ਯਾਹਵੇਹ ਯੇਰੂਸ਼ਲੇਮ ਨੂੰ ਮੇਰੇ ਹੱਥੋਂ ਕਿਵੇਂ ਛੁਡਾ ਸਕਦਾ ਹੈ?”

21ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜੇ ਦਾ ਹੁਕਮ ਇਹ ਸੀ, “ਕਿ ਤੁਸੀਂ ਉਸ ਨੂੰ ਉੱਤਰ ਨਾ ਦੇਣਾ।”

22ਤਦ ਮਹਿਲ ਦੇ ਪ੍ਰਬੰਧਕ ਹਿਲਕੀਯਾਹ ਦਾ ਪੁੱਤਰ ਅਲਯਾਕੀਮ, ਸ਼ਬਨਾ ਸਕੱਤਰ ਅਤੇ ਆਸਾਫ਼ ਦਾ ਪੁੱਤਰ ਯੋਆਹ ਆਪਣੇ ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਗਿਆ ਅਤੇ ਉਸ ਨੂੰ ਉਹ ਗੱਲ ਦੱਸੀ ਜੋ ਸੈਨਾਪਤੀ ਨੇ ਕਹੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.