16“ਹਿਜ਼ਕੀਯਾਹ ਦੀ ਗੱਲ ਨਾ ਸੁਣੋ। ਅੱਸ਼ੂਰ ਦਾ ਰਾਜਾ ਇਹ ਆਖਦਾ ਹੈ: ਮੇਰੇ ਨਾਲ ਸੁਲ੍ਹਾ ਕਰੋ ਅਤੇ ਮੇਰੇ ਕੋਲ ਬਾਹਰ ਆ ਜਾਓ। ਤਦ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਅੰਗੂਰੀ ਦੀ ਵੇਲ ਅਤੇ ਹੰਜੀਰ ਦੇ ਰੁੱਖ ਦਾ ਫਲ ਖਾਵੇਗਾ ਅਤੇ ਆਪਣੇ ਹੀ ਟੋਏ ਵਿੱਚੋਂ ਪਾਣੀ ਪੀਵੇਗਾ,
17ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜਿਹੜਾ ਤੁਹਾਡੇ ਦੇਸ ਵਾਂਗੂੰ ਅਨਾਜ ਅਤੇ ਨਵੀਂ ਦਾਖਰਸ ਦਾ ਦੇਸ, ਰੋਟੀ ਅਤੇ ਅੰਗੂਰੀ ਬਾਗ਼ਾਂ ਦਾ ਦੇਸ ਹੈ।
18“ਸਾਵਧਾਨ, ਹਿਜ਼ਕੀਯਾਹ ਤੁਹਾਨੂੰ ਇਹ ਕਹਿ ਕੇ ਗੁਮਰਾਹ ਨਾ ਕਰੇ, ‘ਯਾਹਵੇਹ ਸਾਨੂੰ ਛੁਡਾਵੇਗਾ।’ ਕੀ ਕਦੇ ਕਿਸੇ ਕੌਮ ਦੇ ਦੇਵਤਿਆਂ ਨੇ ਆਪਣੇ ਦੇਸ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਇਆਂ ਹੈ?
19ਹਮਾਥ ਅਤੇ ਅਰਪਾਦ ਦੇ ਦੇਵਤੇ ਕਿੱਥੇ ਹਨ? ਸਫ਼ਰਵਇਮ ਦੇ ਦੇਵਤੇ ਕਿੱਥੇ ਹਨ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ?
20ਇਨ੍ਹਾਂ ਦੇਸ਼ਾਂ ਦੇ ਸਾਰੇ ਦੇਵਤਿਆਂ ਵਿੱਚੋਂ ਉਹ ਕੌਣ ਹਨ, ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਹੋਵੇ? ਤਾਂ ਫਿਰ ਯਾਹਵੇਹ ਯੇਰੂਸ਼ਲੇਮ ਨੂੰ ਮੇਰੇ ਹੱਥੋਂ ਕਿਵੇਂ ਛੁਡਾ ਸਕਦਾ ਹੈ?”