8ਫਿਰ ਦੂਸਰਾ ਚੇਲਾ ਵੀ ਅੰਦਰ ਗਿਆ, ਇਹ ਉਹ ਚੇਲਾ ਸੀ ਜਿਹੜਾ ਕਿ ਪਤਰਸ ਨਾਲੋਂ ਕਬਰ ਉੱਤੇ ਪਹਿਲਾਂ ਪਹੁੰਚਿਆ ਸੀ, ਜਦ ਉਸ ਨੇ ਇਹ ਸਭ ਵੇਖਿਆ ਤਾਂ ਉਸ ਨੇ ਵਿਸ਼ਵਾਸ ਕੀਤਾ।
9ਓਹ ਅਜੇ ਵੀ ਬਚਨ ਤੋਂ ਇਹ ਨਹੀਂ ਸਮਝ ਸਕੇ, ਕਿ ਯਿਸ਼ੂ ਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ।
10ਫਿਰ ਚੇਲੇ ਆਪਣੇ ਘਰ ਨੂੰ ਵਾਪਸ ਚੱਲੇ ਗਏ।
11ਪਰ ਮਰਿਯਮ ਕਬਰ ਦੇ ਬਾਹਰ ਖੜ੍ਹੀ ਰੋ ਰਹੀ ਸੀ, ਜਦੋਂ ਉਹ ਰੋਂਦੀ-ਰੋਂਦੀ ਨੇ ਝੁੱਕ ਕੇ ਕਬਰ ਦੇ ਅੰਦਰ ਵੇਖਿਆ।
12ਤਾਂ ਮਰਿਯਮ ਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਾਏ ਹੋਏ ਵੇਖਿਆ, ਉਹ ਉੱਥੇ ਬੈਠੇ ਹੋਏ ਸਨ, ਜਿੱਥੇ ਯਿਸ਼ੂ ਦਾ ਸਰੀਰ ਰੱਖਿਆ ਹੋਇਆ ਸੀ, ਇੱਕ ਦੂਤ ਉਸ ਦੇ ਸਿਰ ਵਾਲੇ ਪਾਸੇ ਸੀ, ਅਤੇ ਦੂਸਰਾ ਉਸ ਦੇ ਪੈਰਾਂ ਵਾਲੇ ਪਾਸੇ ਸੀ।