2ਉਹ ਰਾਤ ਦੇ ਸਮੇਂ ਯਿਸ਼ੂ ਦੇ ਕੋਲ ਆਇਆ ਅਤੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ਵਰ ਵੱਲੋਂ ਭੇਜੇ ਹੋਏ ਇੱਕ ਗੁਰੂ ਹੋ। ਕਿਉਂਕਿ ਇਹ ਅਨੌਖੇ ਕੰਮ, ਜੋ ਤੁਸੀਂ ਕਰਦੇ ਹੋ, ਹੋਰ ਕੋਈ ਵੀ ਨਹੀਂ ਕਰ ਸਕਦਾ ਜਦੋਂ ਤੱਕ ਪਰਮੇਸ਼ਵਰ ਉਸ ਦੇ ਨਾਲ ਨਾ ਹੋਵੇ।”
3ਯਿਸ਼ੂ ਨੇ ਉਸ ਨੂੰ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਕੋਈ ਵੀ ਮਨੁੱਖ ਪਰਮੇਸ਼ਵਰ ਦੇ ਰਾਜ ਨੂੰ ਨਹੀਂ ਵੇਖ ਸਕਦਾ ਜਦੋਂ ਤੱਕ ਕਿ ਉਹ ਨਵਾਂ ਜਨਮ ਨਾ ਪਾ ਲਵੇ।”
4ਨਿਕੋਦੇਮਾਸ ਨੇ ਯਿਸ਼ੂ ਨੂੰ ਪੁੱਛਿਆ, “ਜੇ ਕੋਈ ਵਿਅਕਤੀ ਪਹਿਲਾਂ ਤੋਂ ਹੀ ਬਜ਼ੁਰਗ ਹੋਵੇ ਤਾਂ ਦੁਬਾਰਾ ਜਨਮ ਕਿਵੇਂ ਲੈ ਸਕਦਾ ਹੈ, ਕੀ ਉਹ ਨਵਾਂ ਜਨਮ ਲੈਣ ਲਈ ਫੇਰ ਆਪਣੀ ਮਾਤਾ ਦੀ ਕੁੱਖ ਵਿੱਚ ਪਰਵੇਸ਼ ਕਰੇ?”
5ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਕੋਈ ਵੀ ਮਨੁੱਖ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਜਦੋਂ ਤੱਕ ਉਸ ਦਾ ਜਨਮ ਪਾਣੀ ਅਤੇ ਪਵਿੱਤਰ ਆਤਮਾ ਤੋਂ ਨਹੀਂ ਹੁੰਦਾ।
6ਕਿਉਂਕਿ ਜੋ ਕੋਈ ਸਰੀਰ ਤੋਂ ਪੈਦਾ ਹੁੰਦਾ ਹੈ ਉਹ ਸਰੀਰਕ ਹੈ ਅਤੇ ਜੋ ਆਤਮਾ ਤੋਂ ਪੈਦਾ ਹੁੰਦਾ ਹੈ ਉਹ ਆਤਮਿਕ ਹੈ।