13ਉਹ ਸਮੁੰਦਰ ਦੀਆਂ ਜੰਗਲੀ ਲਹਿਰਾਂ ਦੇ ਸਮਾਨ ਹਨ, ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੇ ਹਨ; ਇਹ ਭਟਕਣ ਵਾਲੇ ਤਾਰੇ ਹਨ, ਜਿਨ੍ਹਾਂ ਲਈ ਸਦਾ ਤੱਕ ਦਾ ਘੁੱਪ ਹਨੇਰਾ ਰੱਖਿਆ ਹੋਇਆ ਹੈ।
14ਹਨੋਖ, ਆਦਮ ਤੋਂ ਸੱਤਵੀਂ ਪੀਹੜੀ ਦਾ ਸੀ, ਜਿਸ ਨੇ ਉਨ੍ਹਾਂ ਬਾਰੇ ਭਵਿੱਖਬਾਣੀ ਕੀਤੀ ਸੀ: “ਕਿ ਵੇਖੋ, ਪ੍ਰਭੂ ਆਪਣੇ ਲੱਖਾਂ ਪਵਿੱਤਰ ਲੋਕਾਂ ਨਾਲ ਆ ਰਿਹਾ ਹੈ।
15ਸਾਰੀਆਂ ਜ਼ਿੰਦਗੀਆਂ ਦਾ ਨਿਆਂ ਕਰਨ ਲਈ, ਅਤੇ ਸਭਨਾਂ ਨੂੰ ਉਨ੍ਹਾਂ ਦੇ ਸਾਰੇ ਦੁਸ਼ਟ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਦੁਸ਼ਟਤਾ ਨਾਲ ਕੀਤੇ ਸਨ ਅਤੇ ਸਾਰੀਆਂ ਕਠੋਰ ਗੱਲਾਂ ਦੇ ਕਾਰਨ ਜੋ ਦੁਸ਼ਟ ਪਾਪੀਆਂ ਨੇ ਪਰਮੇਸ਼ਵਰ ਦੇ ਵਿਰੁੱਧ ਬੋਲੀਆਂ ਸਨ, ਦੋਸ਼ੀ ਠਹਿਰਾਵੇ।”
16ਇਹ ਲੋਕ ਬੁੜ-ਬੁੜ ਕਰਨ ਅਤੇ ਕਸੂਰ ਲੱਭਣ ਵਾਲੇ ਹਨ; ਉਹ ਆਪਣੀਆਂ ਬੁਰੀਆਂ ਇੱਛਾਵਾਂ ਦੇ ਪਿੱਛੇ ਚੱਲਦੇ ਹਨ; ਉਹ ਆਪਣੇ ਮੂੰਹ ਵਿੱਚੋਂ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਭ ਲਈ ਚਾਪਲੂਸੀ ਕਰਦੇ ਹਨ।
17ਪਰ ਹੇ ਪਿਆਰੇ ਮਿੱਤਰੋ, ਯਾਦ ਰੱਖੋ ਕਿ ਇਹ ਗੱਲਾਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਦੱਸੀਆਂ।