3ਜਦੋਂ ਮੈਂ ਵੇਖਿਆ ਕਿ ਤੁਸੀਂ ਕੋਈ ਮਦਦ ਨਹੀਂ ਕੀਤੀ, ਤਾਂ ਮੈਂ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈ ਕੇ ਅੰਮੋਨੀਆਂ ਨਾਲ ਲੜਨ ਲਈ ਪਾਰ ਲੰਘ ਗਿਆ ਅਤੇ ਯਾਹਵੇਹ ਨੇ ਮੈਨੂੰ ਉਨ੍ਹਾਂ ਉੱਤੇ ਜਿੱਤ ਦਿੱਤੀ। ਹੁਣ ਤੁਸੀਂ ਅੱਜ ਮੇਰੇ ਨਾਲ ਲੜਨ ਕਿਉਂ ਆਏ ਹੋ?”
4ਤਦ ਯਿਫ਼ਤਾਹ ਨੇ ਗਿਲਆਦ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਇਫ਼ਰਾਈਮ ਦੇ ਵਿਰੁੱਧ ਲੜਿਆ। ਗਿਲਆਦੀਆਂ ਨੇ ਉਨ੍ਹਾਂ ਨੂੰ ਮਾਰਿਆ ਕਿਉਂਕਿ ਇਫ਼ਰਾਈਮੀਆਂ ਨੇ ਕਿਹਾ ਸੀ, “ਤੁਸੀਂ ਗਿਲਆਦੀ, ਇਫ਼ਰਾਈਮ ਦੇ ਭਗੌੜੇ ਹੋ ਜੋ ਇਫ਼ਰਾਈਮੀਆਂ ਅਤੇ ਮਨੱਸ਼ੇਹ ਦੇ ਵਿੱਚਕਾਰ ਰਹਿੰਦੇ ਹੋ।”
5ਗਿਲਆਦੀਆਂ ਨੇ ਯਰਦਨ ਦੇ ਦਰਿਆਵਾਂ ਉੱਤੇ ਕਬਜ਼ਾ ਕਰ ਲਿਆ ਜੋ ਇਫ਼ਰਾਈਮ ਵੱਲ ਜਾਂਦੇ ਸਨ ਅਤੇ ਜਦੋਂ ਵੀ ਇਫ਼ਰਾਈਮ ਦਾ ਭਗੌੜਾ ਆ ਕੇ ਕਹਿੰਦਾ, “ਮੈਨੂੰ ਪਾਰ ਲੰਘਣ ਦਿਓ,” ਤਾਂ ਗਿਲਆਦ ਦੇ ਲੋਕ ਉਸਨੂੰ ਪੁੱਛਦੇ, “ਕੀ ਤੂੰ ਇਫ਼ਰਾਈਮ ਤੋਂ ਹੈ?” ਜੇ ਉਹ ਕਹਿੰਦਾ, “ਨਹੀਂ,”
6ਤਦ ਗਿਲਆਦੀਆਂ ਨੇ ਕਿਹਾ, “ਠੀਕ ਹੈ, ‘ਸ਼ਿੱਬੋਲਥ’ ਬੋਲੋ।” ਜੇ ਉਹ ਕਹਿੰਦਾ, “ਸਿੱਬੋਲਥ,” ਕਿਉਂਕਿ ਉਹ ਸ਼ਬਦ ਦਾ ਸਹੀ ਉਚਾਰਨ ਨਹੀਂ ਕਰ ਸਕਦਾ ਸੀ, ਤਾਂ ਉਹ ਉਸਨੂੰ ਫੜ੍ਹ ਕੇ ਯਰਦਨ ਦੇ ਕੰਢੇ ਕੋਲ ਵੱਢ ਸੁੱਟਦੇ ਸਨ। ਇਸ ਤਰ੍ਹਾਂ ਉਸ ਸਮੇਂ ਬਤਾਲੀ ਹਜ਼ਾਰ ਇਫ਼ਰਾਈਮੀ ਮਾਰੇ ਗਏ।
7ਯਿਫ਼ਤਾਹ ਨੇ ਛੇ ਸਾਲ ਇਸਰਾਏਲ ਦੀ ਅਗਵਾਈ ਕੀਤੀ। ਤਦ ਗਿਲਆਦੀ ਯਿਫ਼ਤਾਹ ਮਰ ਗਿਆ ਅਤੇ ਗਿਲਆਦ ਦੇ ਇੱਕ ਨਗਰ ਵਿੱਚ ਦਫ਼ਨਾਇਆ ਗਿਆ।