27ਹੁਣ ਮੰਦਰ ਵਿੱਚ ਮਰਦਾਂ ਅਤੇ ਔਰਤਾਂ ਦੀ ਭੀੜ ਸੀ; ਫ਼ਲਿਸਤੀਆਂ ਦੇ ਸਾਰੇ ਹਾਕਮ ਉੱਥੇ ਸਨ ਅਤੇ ਛੱਤ ਉੱਤੇ ਤਿੰਨ ਹਜ਼ਾਰ ਦੇ ਕਰੀਬ ਆਦਮੀ ਅਤੇ ਔਰਤਾਂ ਸਨ, ਜੋ ਸਮਸੂਨ ਨੂੰ ਤਮਾਸਾ ਕਰਦੇ ਦੇਖ ਰਹੇ ਸਨ।
28ਫਿਰ ਸਮਸੂਨ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, “ਪ੍ਰਭੂ ਯਾਹਵੇਹ, ਮੈਨੂੰ ਯਾਦ ਕਰ। ਹੇ ਪਰਮੇਸ਼ਵਰ! ਕਿਰਪਾ ਕਰਕੇ ਮੈਨੂੰ ਇੱਕ ਵਾਰ ਫਿਰ ਸ਼ਕਤੀ ਦੇ, ਤਾਂ ਜੋ ਮੈਂ ਇੱਕ ਝਟਕੇ ਨਾਲ ਫ਼ਲਿਸਤੀ ਤੋਂ ਆਪਣੀਆਂ ਦੋਵੇਂ ਅੱਖਾਂ ਦਾ ਬਦਲਾ ਲੈ ਲਵਾਂ।”
29ਫਿਰ ਸਮਸੂਨ ਦੋ ਵਿਚਕਾਰਲੇ ਥੰਮ੍ਹਾਂ ਵੱਲ ਪਹੁੰਚਿਆ ਜਿਨ੍ਹਾਂ ਉੱਤੇ ਮੰਦਰ ਟਿਕਿਆਂ ਹੋਇਆ ਸੀ। ਉਸਨੇ ਉਹਨਾਂ ਨੂੰ ਕੱਸ ਕੇ ਫੜ ਲਿਆ ਅਤੇ ਆਪਣਾ ਸਾਰਾ ਬੋਝ ਉਹਨਾਂ ਥੰਮ੍ਹਾਂ ਉੱਤੇ ਪਾ ਦਿੱਤਾ। ਉਸਦਾ ਸੱਜਾ ਹੱਥ ਇੱਕ ਥੰਮ੍ਹ ਉੱਤੇ ਅਤੇ ਉਸਦਾ ਖੱਬਾ ਹੱਥ ਦੂਜੇ ਥੰਮ੍ਹ ਉੱਤੇ ਰੱਖ ਕੇ ਜੋਰ ਲਗਾ ਦਿੱਤਾ,
30ਸਮਸੂਨ ਨੇ ਕਿਹਾ, “ਮੇਰੇ ਪ੍ਰਾਣ ਵੀ ਫ਼ਲਿਸਤੀਆਂ ਦੇ ਨਾਲ ਹੀ ਜਾਣ!” ਅਤੇ ਉਹ ਆਪਣਾ ਸਾਰਾ ਜ਼ੋਰ ਲਾ ਕੇ ਝੁਕਿਆ ਅਤੇ ਉਹ ਮੰਦਰ ਵਿੱਚ ਸਾਰੇ ਸਰਦਾਰਾਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਦੇ ਉੱਤੇ ਜੋ ਉਹ ਦੇ ਵਿੱਚ ਸਨ, ਡਿੱਗ ਪਿਆ। ਇਸ ਤਰ੍ਹਾਂ ਉਹ ਲੋਕ ਜਿਨ੍ਹਾਂ ਨੂੰ ਉਸ ਨੇ ਆਪਣੇ ਮਰਨ ਦੇ ਵੇਲੇ ਮਾਰਿਆ, ਉਨ੍ਹਾਂ ਨਾਲੋਂ ਵੱਧ ਸਨ ਜਿਨ੍ਹਾਂ ਨੂੰ ਉਸਨੇ ਆਪਣੇ ਜੀਉਂਦੇ ਜੀ ਮਾਰਿਆ ਸੀ।
31ਫਿਰ ਉਸਦੇ ਭਰਾ ਅਤੇ ਉਸਦੇ ਪਿਤਾ ਦਾ ਸਾਰਾ ਪਰਿਵਾਰ ਉਸਨੂੰ ਲੈਣ ਲਈ ਹੇਠਾਂ ਉਤਰਿਆ। ਉਹ ਉਸ ਦੀ ਲਾਸ਼ ਨੂੰ ਵਾਪਸ ਲਿਆਏ ਅਤੇ ਉਸਨੂੰ ਉਸਦੇ ਪਿਤਾ ਮਾਨੋਆਹ ਦੀ ਕਬਰ ਵਿੱਚ ਜ਼ੋਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਦਫ਼ਨਾਇਆ। ਉਸਨੇ ਵੀਹ ਸਾਲ ਇਸਰਾਏਲ ਦੀ ਅਗਵਾਈ ਕੀਤੀ ਸੀ।