1ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਅਤੇ ਉਨ੍ਹਾਂ ਦਿਨਾਂ ਵਿੱਚ ਦਾਨ ਦਾ ਗੋਤ ਆਪਣੀ ਜਗ੍ਹਾ ਦੀ ਭਾਲ ਵਿੱਚ ਸੀ ਜਿੱਥੇ ਉਹ ਵੱਸਣ ਕਿਉਂਕਿ ਅਜੇ ਇਸਰਾਏਲ ਦੇ ਗੋਤਾਂ ਵਿੱਚ ਉਹਨਾਂ ਨੂੰ ਵਿਰਾਸਤ ਨਹੀਂ ਦਿੱਤੀ ਗਈ ਸੀ।
2ਇਸ ਲਈ ਦਾਨੀਆਂ ਨੇ ਆਪਣੇ ਪੰਜ ਪ੍ਰਮੁੱਖ ਆਦਮੀਆਂ ਨੂੰ ਜ਼ੋਰਾਹ ਅਤੇ ਅਸ਼ਤਾਓਲ ਤੋਂ ਧਰਤੀ ਦੀ ਜਾਸੂਸੀ ਕਰਨ ਅਤੇ ਇਸ ਦੀ ਖੋਜ ਕਰਨ ਲਈ ਭੇਜਿਆ। ਉਹਨਾਂ ਨੂੰ ਇਹ ਕਿਹ ਕੇ ਭੇਜਿਆ, “ਜਾਓ ਅਤੇ ਦੇਸ਼ ਦੀ ਛਾਣਬੀਣ ਕਰੋ।” ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਦਾਖਲ ਹੋਏ ਅਤੇ ਮੀਕਾਹ ਦੇ ਘਰ ਆਏ, ਜਿੱਥੇ ਉਨ੍ਹਾਂ ਨੇ ਰਾਤ ਕੱਟੀ।
3ਜਦੋਂ ਉਹ ਮੀਕਾਹ ਦੇ ਘਰ ਦੇ ਨੇੜੇ ਸਨ, ਤਾਂ ਉਨ੍ਹਾਂ ਨੇ ਨੌਜਵਾਨ ਲੇਵੀ ਦੀ ਆਵਾਜ਼ ਪਛਾਣ ਲਈ; ਇਸ ਲਈ ਉਹ ਉੱਥੇ ਮੁੜੇ ਅਤੇ ਉਸਨੂੰ ਪੁੱਛਿਆ, “ਤੈਨੂੰ ਇੱਥੇ ਕੌਣ ਲਿਆਇਆ ਹੈ? ਤੂੰ ਇਸ ਥਾਂ ਤੇ ਕੀ ਕਰਦਾ ਹੈ? ਤੂੰ ਇੱਥੇ ਕਿਉਂ ਆਇਆ ਹੈ?”
4ਉਸਨੇ ਉਨ੍ਹਾਂ ਨੂੰ ਦੱਸਿਆ ਕਿ ਮੀਕਾਹ ਨੇ ਉਸਦੇ ਲਈ ਕੀ ਕੀਤਾ ਸੀ, ਅਤੇ ਕਿਹਾ, “ਉਸ ਨੇ ਮੈਨੂੰ ਕੰਮ ਉੱਤੇ ਰੱਖਿਆ ਹੈ ਅਤੇ ਮੈਂ ਉਸਦਾ ਜਾਜਕ ਹਾਂ।”
5ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਕਿਰਪਾ ਕਰਕੇ ਪਰਮੇਸ਼ਵਰ ਤੋਂ ਪੁੱਛ ਕੀ ਸਾਡੀ ਯਾਤਰਾ ਜੋ ਕਰਦੇ ਹਾਂ ਸਫਲ ਹੋਵੇਗੀ ਜਾਂ ਨਹੀਂ।”