14ਸੋ ਉਹ ਚੱਲੇ ਅਤੇ ਬਿਨਯਾਮੀਨ ਵਿੱਚ ਗਿਬਆਹ ਦੇ ਨੇੜੇ ਸੂਰਜ ਢਲ ਗਿਆ।
15ਅਤੇ ਉਹ ਗਿਬਆਹ ਵਿੱਚ ਰਾਤ ਕੱਟਣ ਲਈ ਰੁਕ ਗਏ ਅਤੇ ਉਹ ਸ਼ਹਿਰ ਦੇ ਚੌਂਕ ਵਿੱਚ ਜਾ ਕੇ ਬੈਠ ਗਏ, ਪਰ ਰਾਤ ਨੂੰ ਕੋਈ ਅਜਿਹਾ ਨਹੀਂ ਸੀ ਜੋ ਉਨ੍ਹਾਂ ਨੂੰ ਰਾਤ ਕੱਟਣ ਲਈ ਆਪਣੇ ਘਰ ਲੈ ਜਾਂਦਾ।
16ਤਦ ਵੇਖੋ, ਸ਼ਾਮ ਦੇ ਵੇਲੇ ਇੱਕ ਬਜ਼ੁਰਗ ਆਪਣੇ ਖੇਤ ਵਿੱਚੋਂ ਕੰਮ ਧੰਦਾ ਮੁਕਾ ਕੇ ਉੱਥੇ ਆਇਆ, ਉਹ ਵੀ ਇਫ਼ਰਾਈਮ ਦੇ ਪਹਾੜੀ ਦੇਸ਼ ਦਾ ਸੀ, ਜੋ ਗਿਬਆਹ ਵਿੱਚ ਆ ਕੇ ਵੱਸ ਗਿਆ ਸੀ ਪਰ ਉੱਥੇ ਦੇ ਵਾਸੀ ਬਿਨਯਾਮੀਨੀ ਸਨ।
17ਜਦੋਂ ਉਸਨੇ ਸ਼ਹਿਰ ਦੇ ਚੌਂਕ ਵਿੱਚ ਯਾਤਰੀਆਂ ਨੂੰ ਵੇਖਿਆ, ਤਾਂ ਬਜ਼ੁਰਗ ਆਦਮੀ ਨੇ ਪੁੱਛਿਆ, “ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਕਿੱਥੋਂ ਆਏ ਹੋ?”
18ਉਸ ਨੇ ਉਸ ਨੂੰ ਕਿਹਾ, “ਅਸੀਂ ਬੈਤਲਹਮ ਯਹੂਦਾਹ ਤੋਂ ਆਏ ਅਤੇ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਜਾਣਾ ਹੈ। ਮੈਂ ਉੱਥੇ ਦਾ ਹੀ ਹਾਂ। ਮੈਂ ਬੈਤਲਹਮ ਯਹੂਦਾਹ ਨੂੰ ਗਿਆ ਸੀ ਅਤੇ ਹੁਣ ਆਪਣੇ ਘਰ ਦੇ ਵੱਲ ਜਾਂਦਾ ਹਾਂ। ਪਰ ਇੱਥੇ ਅਜਿਹਾ ਕੋਈ ਮਨੁੱਖ ਨਹੀਂ ਜੋ ਸਾਨੂੰ ਆਪਣੇ ਘਰ ਠਹਿਰਾਵੇ।