3ਅਤੇ ਬੋਲੇ “ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਇਸਰਾਏਲ ਨਾਲ ਅਜਿਹਾ ਕਿਉਂ ਹੋਇਆ? ਅੱਜ ਇਸਰਾਏਲ ਵਿੱਚੋਂ ਇੱਕ ਗੋਤ ਕਿਉਂ ਘੱਟ ਹੈ?”
4ਅਗਲੇ ਦਿਨ ਤੜਕੇ ਲੋਕਾਂ ਨੇ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।
5ਤਦ ਇਸਰਾਏਲੀਆਂ ਨੇ ਪੁੱਛਿਆ, “ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਹੈ ਜੋ ਯਾਹਵੇਹ ਦੇ ਅੱਗੇ ਇਕੱਠੇ ਹੋਣ ਵਿੱਚ ਅਸਫ਼ਲ ਰਿਹਾ ਹੈ?” ਕਿਉਂਕਿ ਉਨ੍ਹਾਂ ਨੇ ਪੱਕੀ ਸਹੁੰ ਖਾਧੀ ਸੀ ਕਿ ਜੋ ਕੋਈ ਵੀ ਮਿਸਪਾਹ ਵਿਖੇ ਯਾਹਵੇਹ ਦੇ ਸਾਹਮਣੇ ਇਕੱਠੇ ਨਹੀਂ ਹੋਇਆ, ਉਸਨੂੰ ਮਾਰਿਆ ਜਾਵੇਗਾ।
6ਹੁਣ ਇਸਰਾਏਲੀ ਬਿਨਯਾਮੀਨ ਦੇ ਗੋਤ ਲਈ ਸੋਗ ਕਰਦੇ ਸਨ, “ਕਿ ਅੱਜ ਇੱਕ ਗੋਤ ਇਸਰਾਏਲ ਵਿੱਚੋਂ ਨਸ਼ਟ ਹੋ ਗਈ ਹੈ।”
7“ਅਸੀਂ ਯਾਹਵੇਹ ਅੱਗੇ ਸਹੁੰ ਖਾਧੀ ਹੈ ਕਿ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹ ਲਈ ਨਹੀਂ ਦਿਆਂਗੇ, ਇਸੇ ਲਈ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਅਸੀਂ ਪਤਨੀਆਂ ਕਿੱਥੋਂ ਦੇਈਏ?”