9ਮੈਂ ਤੁਹਾਨੂੰ ਮਿਸਰੀਆਂ ਦੇ ਹੱਥੋਂ ਛੁਡਾਇਆ ਅਤੇ ਮੈਂ ਤੁਹਾਨੂੰ ਤੁਹਾਡੇ ਸਾਰੇ ਜ਼ਾਲਮਾਂ ਦੇ ਹੱਥੋਂ ਛੁਡਾਇਆ। ਮੈਂ ਉਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਤੁਹਾਨੂੰ ਦੇ ਦਿੱਤੀ।
10ਮੈਂ ਤੁਹਾਨੂੰ ਆਖਿਆ, ‘ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ। ਅਮੋਰੀਆਂ ਦੇ ਦੇਵਤਿਆਂ ਦੀ ਉਪਾਸਨਾ ਨਾ ਕਰਨ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ।’ ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ।”
11ਯਾਹਵੇਹ ਦਾ ਦੂਤ ਆਇਆ ਅਤੇ ਆਫ਼ਰਾਹ ਵਿੱਚ ਬਲੂਤ ਦੇ ਰੁੱਖ ਦੇ ਹੇਠਾਂ ਬੈਠ ਗਿਆ, ਜਿਹੜਾ ਅਬੀਅਜ਼ਰੀ ਯੋਆਸ਼ ਦਾ ਸੀ, ਜਿੱਥੇ ਉਸਦਾ ਪੁੱਤਰ ਗਿਦਾਊਨ ਮਿਦਯਾਨੀਆਂ ਤੋਂ ਬਚਾਉਣ ਲਈ ਇੱਕ ਚੁਬੱਚੇ ਵਿੱਚ ਕਣਕ ਛੱਟ ਰਿਹਾ ਸੀ।
12ਜਦੋਂ ਯਾਹਵੇਹ ਦੇ ਦੂਤ ਨੇ ਗਿਦਾਊਨ ਨੂੰ ਦਰਸ਼ਨ ਦਿੱਤਾ, ਤਾਂ ਉਸਨੇ ਕਿਹਾ, “ਸ਼ਕਤੀਸ਼ਾਲੀ ਸੂਰਮਾ! ਯਾਹਵੇਹ ਤੇਰੇ ਨਾਲ ਹੈ।”
13ਗਿਦਾਊਨ ਨੇ ਜਵਾਬ ਦਿੱਤਾ, “ਮੇਰੇ ਯਾਹਵੇਹ, ਮੈਨੂੰ ਮਾਫ਼ ਕਰ, ਪਰ ਜੇ ਯਾਹਵੇਹ ਸਾਡੇ ਨਾਲ ਹੁੰਦਾ, ਤਾਂ ਇਹ ਸਭ ਸਾਡੇ ਨਾਲ ਕਿਉਂ ਹੋਇਆ? ਉਸ ਦੇ ਉਹ ਸਾਰੇ ਅਚੰਭੇ ਕੰਮ ਕਿੱਥੇ ਹਨ ਜਿਨ੍ਹਾਂ ਬਾਰੇ ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਸੀ ਜਦੋਂ ਉਨ੍ਹਾਂ ਨੇ ਕਿਹਾ ਸੀ, ‘ਕੀ ਯਾਹਵੇਹ ਨੇ ਸਾਨੂੰ ਮਿਸਰ ਵਿੱਚੋਂ ਬਾਹਰ ਨਹੀਂ ਲਿਆਇਆ?’ ਪਰ ਹੁਣ ਯਾਹਵੇਹ ਨੇ ਸਾਨੂੰ ਤਿਆਗ ਦਿੱਤਾ ਹੈ ਅਤੇ ਸਾਨੂੰ ਮਿਦਯਾਨ ਦੇ ਹੱਥ ਵਿੱਚ ਦੇ ਦਿੱਤਾ ਹੈ।”