1ਹਾਰੋਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਆਪਣੇ ਧੂਪਦਾਨ ਲਏ, ਉਹਨਾਂ ਵਿੱਚ ਅੱਗ ਪਾਈ ਅਤੇ ਧੂਪ ਧੁਖਾਈ ਅਤੇ ਉਹਨਾਂ ਨੇ ਉਸ ਦੇ ਹੁਕਮ ਦੇ ਉਲਟ, ਯਾਹਵੇਹ ਅੱਗੇ ਅਣਅਧਿਕਾਰਤ ਅੱਗ ਦੀ ਭੇਟ ਚੜ੍ਹਾਈ।
2ਇਸ ਲਈ ਯਾਹਵੇਹ ਦੀ ਹਜ਼ੂਰੀ ਤੋਂ ਅੱਗ ਨਿਕਲੀ ਅਤੇ ਉਹਨਾਂ ਨੂੰ ਭਸਮ ਕਰ ਦਿੱਤਾ, ਅਤੇ ਉਹ ਯਾਹਵੇਹ ਦੇ ਅੱਗੇ ਮਰ ਗਏ।
3ਮੋਸ਼ੇਹ ਨੇ ਫਿਰ ਹਾਰੋਨ ਨੂੰ ਕਿਹਾ, “ਇਹ ਉਹ ਹੈ ਜਿਸ ਬਾਰੇ ਯਾਹਵੇਹ ਨੇ ਕਿਹਾ ਸੀ, “ ‘ਮੇਰੇ ਕੋਲ ਆਉਣ ਵਾਲਿਆਂ ਵਿੱਚ ਮੈਂ ਪਵਿੱਤਰ ਸਾਬਤ ਹੋਵਾਂਗਾ, ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਮੇਰਾ ਆਦਰ ਕੀਤਾ ਜਾਵੇਗਾ।’ ” ਪਰ ਹਾਰੋਨ ਚੁੱਪ ਰਿਹਾ।
4ਮੋਸ਼ੇਹ ਨੇ ਹਾਰੋਨ ਦੇ ਚਾਚੇ ਉਜ਼ੀਏਲ ਦੇ ਪੁੱਤਰਾਂ ਮੀਸ਼ਾਏਲ ਅਤੇ ਅਲਸਾਫ਼ਾਨ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਇੱਥੇ ਆਓ। ਆਪਣੇ ਚਚੇਰੇ ਭਰਾਵਾਂ ਨੂੰ ਡੇਰੇ ਦੇ ਬਾਹਰ, ਪਵਿੱਤਰ ਅਸਥਾਨ ਦੇ ਸਾਹਮਣੇ ਤੋਂ ਦੂਰ ਲੈ ਜਾਓ।”
5ਇਸ ਲਈ ਉਹ ਆਏ ਅਤੇ ਉਹਨਾਂ ਨੂੰ ਉਹਨਾਂ ਦੇ ਕੱਪੜਿਆਂ ਸਮੇਤ ਚੁੱਕਿਆ ਡੇਰੇ ਤੋਂ ਬਾਹਰ ਲੈ ਗਏ, ਜਿਵੇਂ ਮੋਸ਼ੇਹ ਨੇ ਹੁਕਮ ਦਿੱਤਾ ਸੀ।