39ਫਿਰ ਯਿਸ਼ੂ ਨੇ ਉਸ ਨੂੰ ਕਿਹਾ, “ਤੁਸੀਂ ਫ਼ਰੀਸੀ ਕੱਪ ਅਤੇ ਥਾਲੀ ਬਾਹਰੋਂ ਸਾਫ਼ ਕਰਦੇ ਹੋ, ਪਰ ਤੁਹਾਡੇ ਦਿਲ ਲਾਲਚ ਅਤੇ ਦੁਸ਼ਟਤਾ ਨਾਲ ਭਰੇ ਹੋਏ ਹਨ।
40ਹੇ ਮੂਰਖੋ, ਜਿਸ ਪਰਮੇਸ਼ਵਰ ਨੇ ਬਾਹਰੀ ਅੰਗ ਬਣਾਏ ਹਨ ਕੀ ਉਸ ਨੇ ਅੰਦਰਲੇ ਅੰਗ ਨਹੀਂ ਬਣਾਏ?
41ਪਰ ਜੋ ਕੁਝ ਤੁਹਾਡੇ ਕੱਪ ਅਤੇ ਥਾਲੀ ਵਿੱਚ ਹੈ ਉਹ ਗ਼ਰੀਬਾਂ ਨੂੰ ਦਿਓ ਅਤੇ ਤੁਹਾਡੇ ਲਈ ਸਭ ਕੁਝ ਸ਼ੁੱਧ ਹੋ ਜਾਵੇਗਾ।
42“ਹੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਤੁਸੀਂ ਆਪਣੇ ਪੁਦੀਨੇ, ਹਰਮਲ ਅਤੇ ਹਰ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਦਾ ਦਸਵੰਧ ਪਰਮੇਸ਼ਵਰ ਨੂੰ ਦਿੰਦੇ ਹੋ ਪਰ ਤੁਸੀਂ ਪਰਮੇਸ਼ਵਰ ਦੇ ਪਿਆਰ ਅਤੇ ਨਿਆਂ ਦੀ ਉਲੰਘਣਾਂ ਕਰਦੇ ਹੋ। ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਵਰ ਨੂੰ ਦਸਵਾਂ ਹਿੱਸਾ ਵੀ ਦਿੰਦੇ ਅਤੇ ਉਸ ਦੇ ਪਿਆਰ ਅਤੇ ਨਿਆਂ ਦੀ ਉਲੰਘਣਾਂ ਵੀ ਨਾ ਕਰਦੇ।
43“ਲਾਹਨਤ ਹੈ ਤੁਹਾਡੇ ਉੱਤੇ ਫ਼ਰੀਸੀਓ! ਤੁਹਾਨੂੰ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਮੁੱਖ ਥਾਵਾਂ ਤੇ ਬੈਠਣਾ ਪਸੰਦ ਹੈ ਅਤੇ ਬਜ਼ਾਰਾਂ ਵਿੱਚ ਲੋਕਾਂ ਕੋਲੋ ਆਦਰ ਨਾਲ ਨਮਸਕਾਰ ਸੁਣਨਾ ਪਸੰਦ ਕਰਦੇ ਹੋ।