27ਨੋਹ ਦੀ ਕਿਸ਼ਤੀ ਵਿੱਚ ਦਾਖਲ ਹੋਣ ਦੇ ਦਿਨ ਤੱਕ ਲੋਕ ਖਾਂਦੇ-ਪੀਂਦੇ ਅਤੇ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ। ਫਿਰ ਹੜ੍ਹ ਆਇਆ ਅਤੇ ਉਹ ਸਾਰੇ ਨਾਸ਼ ਹੋ ਗਏ।
28“ਲੋਤ ਦੇ ਦਿਨਾਂ ਵਿੱਚ ਵੀ ਇਹੋ ਸੀ। ਲੋਕ ਖਾਂਦੇ-ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਇਮਾਰਤਾਂ ਬਣਾਉਂਦੇ ਸਨ।
29ਪਰ ਜਿਸ ਦਿਨ ਲੋਤ ਨੇ ਸੋਦੋਮ ਛੱਡ ਦਿੱਤਾ, ਸਵਰਗ ਤੋਂ ਅੱਗ ਅਤੇ ਗੰਧਕ ਦੀ ਵਰਖਾ ਹੋਈ ਅਤੇ ਉਹਨਾਂ ਸਾਰਿਆਂ ਨੂੰ ਨਾਸ਼ ਕਰ ਦਿੱਤਾ।
30“ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ।
31ਉਸ ਦਿਨ ਕੋਈ ਵੀ ਜਿਹੜਾ ਛੱਤ ਉੱਤੇ ਹੈ ਅਤੇ ਉਸ ਦੀਆਂ ਚੀਜ਼ਾਂ ਅੰਦਰ ਘਰ ਵਿੱਚ ਹਨ, ਉਹ ਉਹਨਾਂ ਨੂੰ ਲੈਣ ਲਈ ਹੇਠਾਂ ਨਾ ਜਾਵੇ। ਇਸੇ ਤਰ੍ਹਾਂ, ਖੇਤ ਵਿੱਚੋਂ ਵੀ ਕਿਸੇ ਨੂੰ ਕੋਈ ਚੀਜ਼ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ।