37ਉਸ ਨਗਰ ਵਿੱਚ ਇੱਕ ਔਰਤ ਸੀ ਜੋ ਪਾਪ ਭਰੀ ਜ਼ਿੰਦਗੀ ਜਿਓ ਰਹੀ ਸੀ। ਜਦੋਂ ਉਸ ਨੇ ਸੁਣਿਆ ਕਿ ਯਿਸ਼ੂ ਫ਼ਰੀਸੀ ਦੇ ਘਰ ਖਾਣਾ ਖਾ ਰਹੇ ਹਨ, ਤਾਂ ਉਹ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲੈ ਕੇ ਉੱਥੇ ਆਈ।
38ਫਿਰ ਉਹ ਯਿਸ਼ੂ ਦੇ ਚਰਨਾਂ ਕੋਲ ਗੋਡੇ ਟੇਕ ਕੇ ਰੋਣ ਲੱਗੀ। ਉਸ ਦੇ ਹੰਝੂਆਂ ਨਾਲ ਪ੍ਰਭੂ ਦੇ ਪੈਰ ਗਿੱਲੇ ਹੋ ਗਏ। ਫਿਰ ਉਸ ਨੇ ਆਪਣੇ ਵਾਲਾਂ ਨਾਲ ਪ੍ਰਭੂ ਦੇ ਪੈਰ ਪੂੰਝੇ, ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਅਤਰ ਉਸ ਦੇ ਪੈਰਾਂ ਉੱਤੇ ਡੋਲ੍ਹਿਆ।
39ਜਦੋਂ ਉਸ ਫ਼ਰੀਸੀ ਨੇ, ਜਿਸ ਨੇ ਯਿਸ਼ੂ ਨੂੰ ਬੁਲਾਇਆ ਸੀ, ਇਹ ਦੇਖਿਆ ਤਾਂ ਉਹ ਆਪਣੇ ਮਨ ਵਿੱਚ ਸੋਚਣ ਲੱਗਿਆ, “ਜੇ ਇਹ ਮਨੁੱਖ ਸੱਚ-ਮੁੱਚ ਇੱਕ ਨਬੀ ਹੁੰਦਾ, ਤਾਂ ਉਹ ਜਾਣ ਜਾਂਦਾ ਕਿ ਇਹ ਔਰਤ ਕੌਣ ਹੈ ਜੋ ਉਸ ਨੂੰ ਛੂਹ ਰਹੀ ਹੈ; ਉਹ ਇੱਕ ਪਾਪੀ ਔਰਤ ਹੈ!”
40ਯਿਸ਼ੂ ਨੇ ਉਸ ਫ਼ਰੀਸੀ ਨੂੰ ਕਿਹਾ, “ਸ਼ਿਮਓਨ, ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ।” ਉਸ ਨੇ ਕਿਹਾ, “ਦੱਸੋ ਗੁਰੂ ਜੀ।”
41ਫਿਰ ਯਿਸ਼ੂ ਨੇ ਉਸ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ: “ਇੱਕ ਸ਼ਾਹੂਕਾਰ ਦੇ ਦੋ ਕਰਜ਼ਾਈ ਸਨ, ਇੱਕ ਪੰਜ ਸੌ ਦੀਨਾਰ ਦਾ ਅਤੇ ਦੂਜਾ ਪੰਜਾਹ ਦੀਨਾਰ ਦਾ।