8ਅਤੇ ਕੁਝ ਬੀਜ ਚੰਗੀ ਧਰਤੀ ਉੱਤੇ ਡਿੱਗ ਪਿਆ, ਉਹ ਉੱਗਿਆ ਅਤੇ ਜੋ ਬੀਜਿਆ ਗਿਆ ਸੀ ਉਸ ਨਾਲੋਂ ਸੌ ਗੁਣਾ ਵੱਧ ਫ਼ਲ ਲਿਆਇਆ।” ਜਦੋਂ ਯਿਸ਼ੂ ਇਹ ਦ੍ਰਿਸ਼ਟਾਂਤ ਸੁਣਾ ਚੁੱਕੇ ਤਾਂ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜਿਸ ਦੇ ਕੰਨ ਹੋਣ ਉਹ ਸੁਣੇ।”
9ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ?”
10ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਰਾਜ ਦੇ ਭੇਤਾਂ ਨੂੰ ਜਾਣਨ ਦਾ ਗਿਆਨ ਤੁਹਾਨੂੰ ਦਿੱਤਾ ਗਿਆ ਹੈ, ਪਰ ਮੈਂ ਹੋਰਾਂ ਲੋਕਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਤਾਂ ਜੋ, “ ‘ਉਹ ਦੇਖਦਿਆਂ ਹੋਇਆ ਵੀ ਨਾ ਦੇਖਣ; ਅਤੇ ਸੁਣਦਿਆਂ ਹੋਇਆ ਵੀ ਨਾ ਸਮਝਣ।’
11“ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ: ਬੀਜ ਪਰਮੇਸ਼ਵਰ ਦਾ ਵਚਨ ਹੈ।
12ਸੜਕ ਦੇ ਕਿਨਾਰੇ ਦੀ ਜ਼ਮੀਨ ਉਹ ਲੋਕ ਹਨ, ਜੋ ਵਚਨ ਨੂੰ ਸੁਣਦੇ ਤਾਂ ਹਨ ਪਰ ਦੁਸ਼ਟ ਆਉਂਦਾ ਹੈ ਅਤੇ ਉਹਨਾਂ ਦੇ ਦਿਲ ਵਿੱਚੋਂ ਵਚਨ ਨੂੰ ਕੱਢ ਕੇ ਲੈ ਜਾਂਦਾ ਹੈ ਤਾਂ ਕਿ ਉਹ ਵਿਸ਼ਵਾਸ ਨਾ ਕਰਨ ਅਤੇ ਬਚਾਏ ਨਾ ਜਾਣ।