23ਜਦੋਂ ਉਹ ਕਿਸ਼ਤੀ ਤੇ ਜਾ ਰਹੇ ਸਨ ਤਾਂ ਯਿਸ਼ੂ ਸੌ ਗਏ। ਉਸੇ ਵੇਲੇ ਝੀਲ ਵਿੱਚ ਇੱਕ ਤੂਫਾਨ ਆਇਆ, ਇੱਥੋਂ ਤੱਕ ਕਿ ਕਿਸ਼ਤੀ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਅਤੇ ਉਹਨਾਂ ਦੀ ਜਾਨ ਨੂੰ ਖ਼ਤਰਾ ਸੀ।
24ਚੇਲਿਆਂ ਨੇ ਜਾ ਕੇ ਯਿਸ਼ੂ ਨੂੰ ਜਗਾਇਆ ਅਤੇ ਕਿਹਾ, “ਸਵਾਮੀ ਜੀ! ਸਵਾਮੀ ਜੀ! ਅਸੀਂ ਡੁੱਬ ਚੱਲੇ ਹਾਂ!” ਯਿਸ਼ੂ ਨੇ ਉੱਠ ਕੇ ਤੂਫਾਨ ਅਤੇ ਜ਼ੋਰਦਾਰ ਲਹਿਰਾਂ ਨੂੰ ਝਿੜਕਿਆ; ਤੂਫਾਨ ਰੁਕ ਗਿਆ ਅਤੇ ਤੇਜ਼ ਲਹਿਰਾਂ ਸ਼ਾਂਤ ਹੋ ਗਈਆਂ।
25ਯਿਸ਼ੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਤੁਹਾਡਾ ਵਿਸ਼ਵਾਸ ਕਿੱਥੇ ਹੈ?” ਚੇਲੇ ਡਰ ਗਏ ਅਤੇ ਹੈਰਾਨ ਹੋ ਕੇ, ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹੈ, ਇਸ ਨੇ ਤੂਫਾਨ ਅਤੇ ਪਾਣੀ ਨੂੰ ਹੁਕਮ ਦਿੱਤਾ ਅਤੇ ਉਹ ਵੀ ਉਸ ਦੇ ਹੁਕਮ ਨੂੰ ਮੰਨਦੇ ਹਨ!”
26ਇਸ ਤੋਂ ਬਾਅਦ ਉਹ ਗਿਰਾਸੇਨ ਦੇ ਖੇਤਰ ਵਿੱਚ ਆਏ, ਜੋ ਗਲੀਲ ਝੀਲ ਦੇ ਪਾਰ ਦੂਜੇ ਪਾਸੇ ਹੈ।
27ਜਦੋਂ ਯਿਸ਼ੂ ਕੰਢੇ ਤੇ ਉੱਤਰੇ, ਤਾਂ ਉਹਨਾਂ ਨੂੰ ਇੱਕ ਆਦਮੀ ਮਿਲਿਆ ਜਿਸ ਨੂੰ ਦੁਸ਼ਟ ਆਤਮਾਵਾਂ ਚਿੰਬੜੀਆਂ ਹੋਈਆਂ ਸਨ। ਲੰਬੇ ਸਮੇਂ ਤੋਂ ਇਹ ਆਦਮੀ ਬਿਨ੍ਹਾਂ ਕੱਪੜੇ ਤੋਂ ਰਹਿੰਦਾ ਸੀ। ਅਤੇ ਉਹ ਘਰ ਵਿੱਚ ਨਹੀਂ ਪਰ ਕਬਰਸਤਾਨ ਵਿੱਚ ਰਹਿੰਦਾ ਸੀ।