25ਯਿਸ਼ੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਤੁਹਾਡਾ ਵਿਸ਼ਵਾਸ ਕਿੱਥੇ ਹੈ?” ਚੇਲੇ ਡਰ ਗਏ ਅਤੇ ਹੈਰਾਨ ਹੋ ਕੇ, ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹੈ, ਇਸ ਨੇ ਤੂਫਾਨ ਅਤੇ ਪਾਣੀ ਨੂੰ ਹੁਕਮ ਦਿੱਤਾ ਅਤੇ ਉਹ ਵੀ ਉਸ ਦੇ ਹੁਕਮ ਨੂੰ ਮੰਨਦੇ ਹਨ!”
26ਇਸ ਤੋਂ ਬਾਅਦ ਉਹ ਗਿਰਾਸੇਨ ਦੇ ਖੇਤਰ ਵਿੱਚ ਆਏ, ਜੋ ਗਲੀਲ ਝੀਲ ਦੇ ਪਾਰ ਦੂਜੇ ਪਾਸੇ ਹੈ।
27ਜਦੋਂ ਯਿਸ਼ੂ ਕੰਢੇ ਤੇ ਉੱਤਰੇ, ਤਾਂ ਉਹਨਾਂ ਨੂੰ ਇੱਕ ਆਦਮੀ ਮਿਲਿਆ ਜਿਸ ਨੂੰ ਦੁਸ਼ਟ ਆਤਮਾਵਾਂ ਚਿੰਬੜੀਆਂ ਹੋਈਆਂ ਸਨ। ਲੰਬੇ ਸਮੇਂ ਤੋਂ ਇਹ ਆਦਮੀ ਬਿਨ੍ਹਾਂ ਕੱਪੜੇ ਤੋਂ ਰਹਿੰਦਾ ਸੀ। ਅਤੇ ਉਹ ਘਰ ਵਿੱਚ ਨਹੀਂ ਪਰ ਕਬਰਸਤਾਨ ਵਿੱਚ ਰਹਿੰਦਾ ਸੀ।
28ਜਦੋਂ ਉਸ ਨੇ ਯਿਸ਼ੂ ਨੂੰ ਵੇਖਿਆ ਤਾਂ ਉਹ ਰੋਂਦਾ ਹੋਇਆ ਯਿਸ਼ੂ ਦੇ ਪੈਰਾਂ ਤੇ ਡਿੱਗ ਪਿਆ ਅਤੇ ਉੱਚੇ ਸ਼ਬਦਾਂ ਵਿੱਚ ਚੀਕ ਕੇ ਕਹਿਣ ਲੱਗਾ, “ਹੇ ਯਿਸ਼ੂ, ਅੱਤ ਮਹਾਨ ਪਰਮੇਸ਼ਵਰ ਦੇ ਪੁੱਤਰ, ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮੈਨੂੰ ਦੁੱਖ ਨਾ ਦਿਓ।”
29ਕਿਉਂਕਿ ਯਿਸ਼ੂ ਨੇ ਅਸ਼ੁੱਧ ਆਤਮਾਵਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਆਦਮੀ ਨੂੰ ਛੱਡ ਦੇਵੇ। ਵਾਰ-ਵਾਰ ਦੁਸ਼ਟ ਆਤਮਾਵਾਂ ਉਸ ਆਦਮੀ ਉੱਤੇ ਕਾਬੂ ਪਾਉਂਦੀਆਂ ਸੀ ਅਤੇ ਲੋਕਾਂ ਨੇ ਉਸ ਤੇ ਪਹਿਰਾ ਰੱਖਿਆ ਅਤੇ ਉਸ ਨੂੰ ਸੰਗਲਾਂ ਨਾਲ ਬੰਨ੍ਹਿਆ, ਫਿਰ ਵੀ ਉਹ ਦੁਸ਼ਟ ਆਤਮਾਵਾਂ ਸੰਗਲਾਂ ਨੂੰ ਤੋੜ ਕੇ ਉਸ ਨੂੰ ਸੁੰਨਸਾਨ ਥਾਂ ਤੇ ਲੈ ਜਾਂਦੀਆਂ ਸਨ।