14ਜਦੋਂ ਯਿਸ਼ੂ ਨੇ ਇਹ ਵੇਖਿਆ ਤਾਂ ਉਹ ਗੁੱਸੇ ਹੋਏ ਅਤੇ ਉਹ ਨੇ ਚੇਲਿਆਂ ਨੂੰ ਆਖਿਆ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਵਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।
15ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜਾ ਮਨੁੱਖ ਇੱਕ ਛੋਟੇ ਬੱਚੇ ਵਾਂਗ ਪਰਮੇਸ਼ਵਰ ਦੇ ਰਾਜ ਨੂੰ ਕਬੂਲ ਨਹੀਂ ਕਰੇਂਗਾ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਂਗਾ।”
16ਅਤੇ ਉਸ ਨੇ ਬੱਚਿਆਂ ਨੂੰ ਆਪਣੀ ਬਾਹਾਂ ਵਿੱਚ ਫੜ ਲਿਆ, ਉਹਨਾਂ ਉੱਤੇ ਆਪਣੇ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦਿੱਤੀ।
17ਜਦੋਂ ਯਿਸ਼ੂ ਆਪਣੀ ਯਾਤਰਾ ਲਈ ਨਿਕਲ ਪਏ, ਤਾਂ ਇੱਕ ਆਦਮੀ ਉਹਨਾਂ ਵੱਲ ਭੱਜਾ ਆਇਆ ਅਤੇ ਉਸ ਦੇ ਅੱਗੇ ਗੋਡੇ ਟਿਕਾਏ। ਉਸਨੇ ਪੁੱਛਿਆ, “ਹੇ ਉੱਤਮ ਗੁਰੂ ਜੀ, ਸਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?”
18ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਮੈਨੂੰ ਉੱਤਮ ਕਿਉਂ ਕਹਿੰਦੇ ਹੋ? ਇਕੱਲੇ ਪਰਮੇਸ਼ਵਰ ਤੋਂ ਇਲਾਵਾ ਕੋਈ ਵੀ ਉੱਤਮ ਨਹੀਂ ਹੈ।