1ਤਦ ਯਿਸ਼ੂ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲ ਕਰਨ ਲੱਗੇ: “ਇੱਕ ਆਦਮੀ ਨੇ ਅੰਗੂਰੀ ਬਾਗ਼ ਲਾਇਆ। ਉਸਨੇ ਇਸਦੇ ਚਾਰ-ਚੁਫੇਰੇ ਇੱਕ ਕੰਧ ਕੀਤੀ, ਦਾਖਰਸ ਵਾਸਤੇ ਇੱਕ ਟੋਇਆ ਪੁੱਟਿਆ ਅਤੇ ਇੱਕ ਪਹਿਰਾਬੁਰਜ ਬਣਾਇਆ। ਫਿਰ ਉਸਨੇ ਅੰਗੂਰੀ ਬਾਗ਼ ਕੁਝ ਕਿਸਾਨਾਂ ਨੂੰ ਕਿਰਾਏ ਤੇ ਦੇ ਦਿੱਤਾ ਅਤੇ ਆਪ ਕਿਸੇ ਹੋਰ ਜਗ੍ਹਾ ਚਲਾ ਗਿਆ।
2ਵਾਢੀ ਵੇਲੇ ਉਸਨੇ ਇੱਕ ਨੌਕਰ ਨੂੰ ਉਸ ਕਿਰਾਏਦਾਰ ਕੋਲ ਭੇਜਿਆ ਤਾਂ ਜੋ ਬਾਗ਼ ਦੇ ਫ਼ਲਾਂ ਵਿੱਚੋਂ ਕੁਝ ਇਕੱਠਾ ਕਰੇ।
3ਪਰ ਕਿਰਾਏਦਾਰਾਂ ਨੇ ਉਸ ਨੂੰ ਫੜ ਲਿਆ, ਕੁੱਟਿਆ ਅਤੇ ਖਾਲੀ ਹੱਥ ਭੇਜ ਦਿੱਤਾ।
4ਫਿਰ ਉਸਨੇ ਇੱਕ ਹੋਰ ਨੌਕਰ ਉਹਨਾਂ ਕੋਲ ਭੇਜਿਆ; ਉਹਨਾਂ ਨੇ ਇਸ ਆਦਮੀ ਦੇ ਸਿਰ ਤੇ ਸੋਟਾ ਮਾਰਿਆ ਅਤੇ ਉਸ ਨਾਲ ਸ਼ਰਮਨਾਕ ਸਲੂਕ ਕੀਤਾ।
5ਉਸਨੇ ਇੱਕ ਹੋਰ ਆਦਮੀ ਭੇਜਿਆ, ਜਿਸ ਨੂੰ ਉਹਨਾਂ ਮਾਰ ਦਿੱਤਾ। ਉਸਨੇ ਹੋਰ ਬਹੁਤ ਸਾਰੇ ਲੋਕਾਂ ਨੂੰ ਭੇਜਿਆ; ਉਹਨਾਂ ਵਿੱਚੋਂ ਕੁਝ ਨੂੰ ਕੁੱਟਿਆ, ਕੁਝ ਨੂੰ ਮਾਰ ਦਿੱਤਾ।