11ਜਿਸ ਜਗ੍ਹਾ ਤੇ ਤੁਹਾਡਾ ਸਵਾਗਤ ਨਾ ਕੀਤਾ ਜਾਵੇ ਜਾਂ ਤੁਹਾਡੇ ਪ੍ਰਚਾਰ ਨੂੰ ਨਾ ਸੁਣਿਆ ਜਾਵੇ, ਤਾਂ ਉਸ ਜਗ੍ਹਾ ਨੂੰ ਛੱਡ ਦਿਓ ਅਤੇ ਉੱਥੇ ਹੀ ਧੂੜ ਝਾੜ ਦੇਵੋ ਤਾਂ ਜੋ ਉਹ ਉਹਨਾਂ ਦੇ ਵਿਰੁੱਧ ਗਵਾਹੀ ਰਹੇ।”
12ਉਹ ਬਾਰ੍ਹਾ ਚੇਲੇ ਬਾਹਰ ਗਏ ਅਤੇ ਪ੍ਰਚਾਰ ਕਰਨ ਲੱਗੇ ਤਾਂ ਜੋ ਲੋਕ ਆਪਣਿਆਂ ਪਾਪਾਂ ਤੋਂ ਤੋਬਾ ਕਰਨ।
13ਉਹਨਾਂ ਨੇ ਬਹੁਤ ਸਾਰਿਆਂ ਭੂਤਾਂ ਨੂੰ ਬਾਹਰ ਕੱਢਿਆ ਅਤੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਤੇਲ ਨਾਲ ਮਸਹ ਕੀਤਾ ਅਤੇ ਉਹਨਾਂ ਨੂੰ ਚੰਗਾ ਕੀਤਾ।
14ਰਾਜਾ ਹੇਰੋਦੇਸ ਨੇ ਇਸ ਬਾਰੇ ਸੁਣਿਆ, ਕਿਉਂਕਿ ਯਿਸ਼ੂ ਦਾ ਨਾਮ ਬਹੁਤ ਮਸ਼ਹੂਰ ਹੋ ਗਿਆ ਸੀ। ਕੁਝ ਲੋਕ ਕਹਿ ਰਹੇ ਸਨ, “ਯੋਹਨ ਬਪਤਿਸਮਾ ਦੇਣ ਵਾਲੇ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਸੀ ਅਤੇ ਇਸੇ ਕਾਰਨ ਉਸਦੇ ਵਿੱਚ ਚਮਤਕਾਰੀ ਸ਼ਕਤੀਆਂ ਕੰਮ ਕਰ ਰਹੀਆਂ ਹਨ।”
15ਹੋਰਾਂ ਨੇ ਕਿਹਾ, “ਉਹ ਏਲੀਯਾਹ ਹੈ।” ਅਤੇ ਹੋਰਾਂ ਨੇ ਵੀ ਦਾਅਵਾ ਕੀਤਾ, “ਉਹ ਇੱਕ ਨਬੀ ਹੈ, ਪੁਰਾਣੇ ਸਮੇਂ ਦੇ ਨਬੀਆਂ ਵਾਂਗ।”