1ਯੇਰੂਸ਼ਲੇਮ ਨਗਰ ਤੋਂ ਫ਼ਰੀਸੀ ਅਤੇ ਕੁਝ ਨੇਮ ਦੇ ਉਪਦੇਸ਼ਕ ਯਿਸ਼ੂ ਕੋਲ ਆ ਕੇ ਇਕੱਠੇ ਹੋਏ।
2ਅਤੇ ਉਹਨਾਂ ਨੇ ਯਿਸ਼ੂ ਦੇ ਕੁਝ ਚੇਲਿਆਂ ਨੂੰ ਬਿਨਾਂ ਹੱਥ ਧੋਤੇ ਰੋਟੀ ਖਾਂਦੇ ਵੇਖਿਆ ਜੋ ਕਿ ਰੀਤ ਅਨੁਸਾਰ ਅਸ਼ੁੱਧ ਸੀ।
3ਸਾਰੇ ਯਹੂਦੀ ਅਤੇ ਵਿਸ਼ੇਸ਼ ਕਰਕੇ ਫ਼ਰੀਸੀ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਉਹ ਬਜ਼ੁਰਗਾਂ ਦੀ ਰੀਤ ਦੇ ਅਨੁਸਾਰ ਆਪਣੇ ਹੱਥਾਂ ਨੂੰ ਨਾ ਧੋ ਲੈਣ।
4ਜਦੋਂ ਉਹ ਬਾਜ਼ਾਰ ਤੋਂ ਆਉਂਦੇ ਹਨ ਉਹ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਉਹ ਰੀਤ ਅਨੁਸਾਰ ਹੱਥ ਧੋਕੇ ਸ਼ੁੱਧ ਨਾ ਹੋ ਲੈਣ ਅਤੇ ਹੋਰ ਵੀ ਕਈ ਗੱਲਾਂ ਹਨ ਜਿਹੜੀਆਂ ਉਹਨਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ, ਘੜਿਆਂ ਅਤੇ ਪਿੱਤਲ ਦੇ ਭਾਂਡਿਆਂ ਦਾ ਧੋਣਾ।
5ਇਸ ਲਈ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਯਿਸ਼ੂ ਨੂੰ ਪੁੱਛਿਆ, “ਤੁਹਾਡੇ ਚੇਲੇ ਬਜ਼ੁਰਗਾਂ ਦੀ ਰੀਤ ਅਨੁਸਾਰ ਕਿਉਂ ਨਹੀਂ ਚੱਲਦੇ? ਅਤੇ ਗੰਦੇ ਹੱਥਾਂ ਨਾਲ ਖਾਂਦੇ ਹਨ।”