13ਇਸ ਲਈ ਮੈਂ ਉਹਨਾਂ ਨਾਲ ਦ੍ਰਿਸ਼ਟਾਂਤ ਵਿੱਚ ਗੱਲਾਂ ਕਰਦਾ ਹਾਂ: “ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ; ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ ਅਤੇ ਨਾ ਹੀ ਸਮਝਦੇ ਹਨ।
14ਉਹਨਾਂ ਉੱਤੇ ਯਸ਼ਾਯਾਹ ਨਬੀ ਦੀ ਇਹ ਭਵਿੱਖਬਾਣੀ ਪੂਰੀ ਹੁੰਦੀ ਹੈ: “ ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ; ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਹੀਂ।
15ਕਿਉਂ ਜੋ ਇਸ ਪਰਜਾ ਦੇ ਲੋਕਾਂ ਦਾ ਦਿਲ ਕਠੋਰ ਹੋ ਗਿਆ ਹੈ, ਅਤੇ ਉਹ ਮੁਸ਼ਕਿਲ ਨਾਲ ਆਪਣੇ ਕੰਨਾਂ ਨਾਲ ਸੁਣਦੇ ਹਨ, ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਨਹੀਂ ਤਾਂ ਉਹ ਆਪਣੀਆਂ ਅੱਖਾਂ ਨਾਲ ਦੇਖਦੇ, ਅਤੇ ਆਪਣੇ ਕੰਨਾਂ ਨਾਲ ਸੁਣਦੇ, ਉਹ ਦਿਲ ਨਾਲ ਸਮਝਦੇ, ਅਤੇ ਮੁੜ ਆਉਣ, ਤਾਂ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।’
16ਪਰ ਮੁਬਾਰਕ ਹਨ ਤੁਹਾਡੀਆਂ ਅੱਖਾਂ ਕਿਉਂ ਜੋ ਇਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਇਹ ਸੁਣਦੇ ਹਨ।
17ਇਸ ਲਈ ਮੈਂ ਤੁਹਾਨੂੰ ਸੱਚ ਆਖਦਾ ਹਾਂ, ਬਹੁਤ ਸਾਰੇ ਨਬੀ ਅਤੇ ਧਰਮੀ ਲੋਕ ਚਾਹੁੰਦੇ ਸਨ, ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਉਹ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ।