5ਯਾਹਵੇਹ ਨੇ ਬਿਲਆਮ ਦੇ ਮੂੰਹ ਵਿੱਚ ਇੱਕ ਬਚਨ ਪਾਇਆ ਅਤੇ ਕਿਹਾ, “ਬਾਲਾਕ ਕੋਲ ਵਾਪਸ ਜਾ ਅਤੇ ਉਸਨੂੰ ਇਹ ਬਚਨ ਦੇ।”
6ਤਾਂ ਉਹ ਉਸ ਕੋਲ ਵਾਪਸ ਗਿਆ ਅਤੇ ਉਸ ਨੂੰ ਮੋਆਬੀ ਦੇ ਸਾਰੇ ਅਧਿਕਾਰੀਆਂ ਸਣੇ ਆਪਣੀ ਭੇਟ ਦੇ ਕੋਲ ਖੜ੍ਹਾ ਵੇਖਿਆ।
7ਤਦ ਬਿਲਆਮ ਨੇ ਆਪਣਾ ਸੰਦੇਸ਼ ਸੁਣਾਇਆ: “ਬਾਲਾਕ ਮੈਨੂੰ ਅਰਾਮ ਤੋਂ ਮੋਆਬ ਦਾ ਰਾਜਾ ਪੂਰਬੀ ਪਹਾੜਾਂ ਤੋਂ ਲਿਆਇਆ, ਉਸ ਨੇ ਕਿਹਾ, ‘ਆ,’ ਅਤੇ ‘ਮੇਰੇ ਲਈ ਯਾਕੋਬ ਨੂੰ ਸਰਾਪ ਦੇ, ਆ, ਇਸਰਾਏਲ ਦੀ ਨਿੰਦਾ ਕਰ।’
8ਮੈਂ ਉਹਨਾਂ ਨੂੰ ਕਿਵੇਂ ਸਰਾਪ ਦੇਵਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਰਾਪ ਨਹੀਂ ਦਿੱਤਾ? ਮੈਂ ਉਹਨਾਂ ਨੂੰ ਕਿਵੇਂ ਨਿੰਦ ਸਕਦਾ ਹਾਂ ਜਿਨ੍ਹਾਂ ਨੂੰ ਯਾਹਵੇਹ ਨੇ ਨਿੰਦਿਆ ਨਹੀਂ ਹੈ?
9ਮੈਂ ਉਹਨਾਂ ਨੂੰ ਚੱਟਾਨ ਦੀਆਂ ਟੀਸੀਆਂ ਤੋਂ ਵੇਖਦਾ ਹਾਂ, ਉੱਚਾਈਆਂ ਤੋਂ ਮੈਂ ਉਹਨਾਂ ਨੂੰ ਵੇਖਦਾ ਹਾਂ। ਮੈਂ ਅਜਿਹੇ ਲੋਕਾਂ ਨੂੰ ਵੇਖਦਾ ਹਾਂ ਜੋ ਅਲੱਗ ਰਹਿੰਦੇ ਹਨ, ਅਤੇ ਆਪਣੇ ਆਪ ਨੂੰ ਕੌਮਾਂ ਵਿੱਚੋਂ ਇੱਕ ਨਹੀਂ ਸਮਝਦੇ।