ਗਿਣਤੀ 17

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਇਸਰਾਏਲੀਆਂ ਨੂੰ ਆਖ ਅਤੇ ਉਹਨਾਂ ਤੋਂ ਗੋਤਾਂ ਦੇ ਅਨੁਸਾਰ ਉਹਨਾਂ ਦੇ ਸਾਰਿਆਂ ਪ੍ਰਧਾਨਾਂ ਦੇ ਕੋਲੋਂ ਇੱਕ-ਇੱਕ ਲਾਠੀ ਲੈ ਅਤੇ ਉਹਨਾਂ ਉੱਤੇ ਉਹਨਾਂ ਦੇ ਬਾਰਾਂ ਪੁਰਖਿਆਂ ਦੇ ਨਾਂ ਲਿਖ।

3ਲੇਵੀ ਦੀ ਲਾਠੀ ਉੱਤੇ ਹਾਰੋਨ ਦਾ ਨਾਮ ਲਿਖੀ ਕਿਉਂ ਜੋ ਇੱਕ-ਇੱਕ ਲਾਠੀ ਉਹਨਾਂ ਦੇ ਪੁਰਖਿਆਂ ਦੇ ਘਰਾਣਿਆਂ ਦਰ ਹਰ ਮੁਖੀਏ ਲਈ ਹੋਵੇਗਾ।

4ਉਹਨਾਂ ਨੂੰ ਮੰਡਲੀ ਦੇ ਤੰਬੂ ਵਿੱਚ ਨੇਮ ਦੇ ਸੰਦੂਕ ਦੇ ਸਾਹਮਣੇ ਰੱਖੋ, ਜਿੱਥੇ ਮੈਂ ਤੁਹਾਡੇ ਨਾਲ ਮਿਲਦਾ ਹਾਂ।

5ਜਿਸ ਮਨੁੱਖ ਨੂੰ ਮੈਂ ਚੁਣਦਾ ਹਾਂ, ਉਸ ਦੀ ਲਾਠੀ ਵਿੱਚੋਂ ਕੁੰਬਲਾਂ ਨਿੱਕਲ ਆਉਣਗੀਆਂ, ਅਤੇ ਮੈਂ ਇਸਰਾਏਲੀਆਂ ਦੀ ਬੁੜ-ਬੁੜਾਹਟ ਨੂੰ, ਜਿਹੜੀ ਤੁਹਾਡੇ ਵਿਰੁੱਧ ਕਰਦੇ ਹਨ, ਦੂਰ ਕਰ ਦਿਆਂਗਾ।”

6ਤਾਂ ਮੋਸ਼ੇਹ ਨੇ ਇਸਰਾਏਲੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਦੇ ਆਗੂਆਂ ਨੇ ਉਸ ਨੂੰ ਉਹਨਾਂ ਦੇ ਪੁਰਖਿਆਂ ਦੇ ਹਰੇਕ ਗੋਤ ਦੇ ਪ੍ਰਧਾਨ ਲਈ ਇੱਕ-ਇੱਕ ਲਾਠੀ ਦਿੱਤੀ ਅਤੇ ਉਹਨਾਂ ਵਿੱਚ ਹਾਰੋਨ ਦੀ ਲਾਠੀ ਸੀ।

7ਮੋਸ਼ੇਹ ਨੇ ਨੇਮ ਦੇ ਤੰਬੂ ਵਿੱਚ ਲਾਠੀਆਂ ਨੂੰ ਯਾਹਵੇਹ ਦੇ ਅੱਗੇ ਰੱਖਿਆ।

8ਅਗਲੇ ਦਿਨ ਮੋਸ਼ੇਹ ਨੇ ਤੰਬੂ ਵਿੱਚ ਜਾ ਕੇ ਵੇਖਿਆ ਕਿ ਹਾਰੋਨ ਦੀ ਲਾਠੀ, ਜੋ ਲੇਵੀ ਦੇ ਗੋਤ ਨੂੰ ਦਰਸਾਉਂਦੀ ਸੀ, ਨਾ ਸਿਰਫ ਪੁੰਗਰਦੀ ਸੀ, ਸਗੋਂ ਉਸ ਵਿੱਚ ਕਲੀ, ਫੁੱਲ ਅਤੇ ਪੱਕੇ ਬਦਾਮ ਲੱਗੇ ਹੋਏ ਸਨ।

9ਤਦ ਮੋਸ਼ੇਹ ਨੇ ਯਾਹਵੇਹ ਦੀ ਹਜ਼ੂਰੀ ਵਿੱਚੋਂ ਸਾਰੀਆਂ ਲਾਠੀਆਂ ਇਸਰਾਏਲ ਦੇ ਸਾਰੇ ਲੋਕਾਂ ਲਈ ਬਾਹਰ ਕੱਢੀਆਂ। ਉਹਨਾਂ ਨੇ ਉਹਨਾਂ ਵੱਲ ਦੇਖਿਆ, ਅਤੇ ਹਰੇਕ ਆਗੂ ਨੇ ਆਪਣੀ-ਆਪਣੀ ਲਾਠੀ ਲੈ ਲਈ।

10ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਦੀ ਲਾਠੀ ਨੂੰ ਨੇਮ ਦੇ ਸੰਦੂਕ ਦੇ ਅੱਗੇ ਮੋੜ ਦੇ ਤਾਂ ਜੋ ਵਿਦਰੋਹ ਕਰਨ ਵਾਲਿਆਂ ਲਈ ਇੱਕ ਨਿਸ਼ਾਨੀ ਹੋਵੇ, ਇਹ ਮੇਰੇ ਵਿਰੁੱਧ ਉਹਨਾਂ ਦੀ ਬੁੜ-ਬੁੜ ਖ਼ਤਮ ਕਰ ਦੇਵੇਗਾ ਤਾਂ ਜੋ ਉਹ ਮਰ ਨਾ ਜਾਣ।”

11ਮੋਸ਼ੇਹ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

12ਇਸਰਾਏਲੀਆਂ ਨੇ ਮੋਸ਼ੇਹ ਨੂੰ ਆਖਿਆ, “ਅਸੀਂ ਮਰ ਜਾਵਾਂਗੇ! ਅਸੀਂ ਗੁਆਚ ਗਏ ਹਾਂ, ਅਸੀਂ ਸਾਰੇ ਹਾਰ ਗਏ ਹਾਂ!

13ਜੋ ਕੋਈ ਵੀ ਯਾਹਵੇਹ ਦੇ ਡੇਰੇ ਦੇ ਨੇੜੇ ਆਉਂਦਾ ਹੈ, ਉਹ ਮਰ ਜਾਵੇਗਾ। ਕੀ ਅਸੀਂ ਸਾਰੇ ਮਰਨ ਜਾ ਰਹੇ ਹਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.