14ਅਤੇ ਜਿਹੜੀਆਂ ਫ਼ੌਜਾਂ ਸਵਰਗ ਵਿੱਚ ਹਨ, ਉਹਨਾਂ ਨੇ ਚਿੱਟੇ ਅਤੇ ਸਾਫ਼ ਮਲਮਲ ਦੇ ਕੱਪੜੇ ਪਹਿਨੇ ਹੋਏ ਚਿੱਟੇ ਘੋੜਿਆਂ ਤੇ ਸਵਾਰ ਉਸ ਦੇ ਪਿੱਛੇ-ਪਿੱਛੇ ਚੱਲਦੇ ਸਨ।
15ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ ਜਿਸ ਨਾਲ ਉਹ ਰਾਸ਼ਟਰਾ ਦਾ ਨਾਸ਼ ਕਰੇ। “ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਰਾਜ ਕਰੇਗਾ।” ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਕ੍ਰੋਧ ਦੀ ਅੱਗ ਦੇ ਦਾਖਰਸ ਦੇ ਚੁਬੱਚੇ ਨੂੰ ਲਿਤਾੜੇਗਾ।
16ਉਸ ਦੇ ਚੋਗੇ ਅਤੇ ਉਸ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ: ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।
17ਇਸ ਤੋਂ ਬਾਅਦ ਮੈਂ ਸਵਰਗਦੂਤ ਨੂੰ ਸੂਰਜ ਵਿੱਚ ਖਲੋਤਾ ਹੋਇਆ ਵੇਖਿਆ, ਉਸ ਨੇ ਉੱਚੀ ਆਵਾਜ਼ ਨਾਲ ਸਾਰੇ ਅਕਾਸ਼ ਵਿੱਚ ਉੱਡਦੇ ਪੰਛੀਆਂ ਨੂੰ ਆਖਿਆ, “ਆਓ, ਮਹਾਨ ਪਰਮੇਸ਼ਵਰ ਦੇ ਵੱਡੇ ਭੋਜ ਲਈ ਇਕੱਠੇ ਹੋ ਜਾਓ,
18ਤਾਂ ਕਿ ਤੁਸੀਂ ਰਾਜਿਆਂ ਦਾ ਮਾਸ, ਫ਼ੌਜਾਂ ਦੇ ਸਰਦਾਰਾ ਦਾ, ਮਹਾਂ ਬਲੀਆਂ ਦਾ, ਘੋੜਿਆਂ ਨਾਲੇ ਉਹਨਾਂ ਉੱਤੇ ਸਵਾਰਾ ਦਾ, ਅਤੇ ਸਾਰੇ ਲੋਕਾਂ ਦਾ ਮਾਸ, ਅਜ਼ਾਦ ਅਤੇ ਗੁਲਾਮ, ਛੋਟੇ ਅਤੇ ਵੱਡੇ ਸਾਰਿਆ ਦਾ ਮਾਸ ਖਾ ਸਕੋ।”