ਪ੍ਰਕਾਸ਼ ਪੱਤਰ 3

1“ਸਾਰਦੀਸ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ: ਇਹ ਉਸ ਦੇ ਸ਼ਬਦ ਹਨ ਜਿਸ ਕੋਲ ਪਰਮੇਸ਼ਵਰ ਦੀਆਂ ਸੱਤ ਆਤਮਾਵਾਂ ਅਤੇ ਸੱਤ ਤਾਰੇ ਹਨ। ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ; ਤੁਸੀਂ ਜਿਉਂਦੇ ਅਖਵਾਉਂਦੇ ਹੋ, ਪਰ ਤੁਸੀਂ ਮਰੇ ਹੋਏ ਹੋ।

2ਜਾਗੋ! ਜੋ ਕੁਝ ਰਹਿ ਗਿਆ ਹੈ ਅਤੇ ਜੋ ਮਰਨ ਵਾਲਾ ਹੈ ਉਸ ਨੂੰ ਮਜ਼ਬੂਤ ਕਰੋ, ਕਿਉਂਕਿ ਮੈਂ ਤੁਹਾਡੇ ਕੰਮਾਂ ਨੂੰ ਮੇਰੇ ਪਰਮੇਸ਼ਵਰ ਦੀ ਨਜ਼ਰ ਵਿੱਚ ਅਧੂਰਾ ਪਾਇਆ ਹੈ।

3ਇਸ ਲਈ ਯਾਦ ਰੱਖੋ, ਜੋ ਤੁਸੀਂ ਪ੍ਰਾਪਤ ਕੀਤਾ ਅਤੇ ਸੁਣਿਆ ਹੈ; ਇਸ ਨੂੰ ਫੜ੍ਹੀ ਰੱਖੋ ਅਤੇ ਤੋਬਾ ਕਰੋ। ਪਰ ਜੇ ਤੁਸੀਂ ਨਾ ਜਾਗੇ, ਤਾਂ ਮੈਂ ਇੱਕੋਦਮ ਚੋਰ ਵਾਂਗ ਆਵਾਂਗਾ, ਅਤੇ ਤੁਹਾਨੂੰ ਨਹੀਂ ਪਤਾ ਹੋਵੇਗਾ ਕਿ ਮੈਂ ਕਿਸ ਸਮੇਂ ਤੁਹਾਡੇ ਕੋਲ ਆਵਾਂਗਾ।

4ਫਿਰ ਵੀ ਸਾਰਦੀਸ ਵਿੱਚ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜੇ ਮੈਲੇ ਨਹੀਂ ਕੀਤੇ। ਉਹ ਮੇਰੇ ਨਾਲ ਚੱਲਣਗੇ, ਚਿੱਟੇ ਕੱਪੜੇ ਪਹਿਨੇ ਹੋਏ, ਕਿਉਂਕਿ ਉਹ ਯੋਗ ਹਨ।

5ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਉਹਨਾਂ ਵਾਂਗ ਚਿੱਟੇ ਕੱਪੜੇ ਦੇਵਾਂਗਾ। ਮੈਂ ਉਸ ਵਿਅਕਤੀ ਦਾ ਨਾਮ ਜੀਵਨ ਦੀ ਕਿਤਾਬ ਵਿੱਚੋਂ ਕਦੇ ਨਹੀਂ ਮਿਟਾਵਾਂਗਾ, ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਸਾਹਮਣੇ ਉਸ ਦੇ ਨਾਮ ਦਾ ਐਲਾਨ ਕਰਾਂਗਾ ਕਿ ਉਹ ਮੇਰੇ ਹੈ।

6ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ।

7“ਫ਼ਿਲਦਲਫ਼ੀਏ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ: ਇਹ ਉਸ ਦੇ ਸ਼ਬਦ ਹਨ ਜੋ ਪਵਿੱਤਰ ਅਤੇ ਸੱਚਾ ਹੈ, ਜਿਸ ਦੇ ਕੋਲ ਦਾਵੀਦ ਦੀ ਕੁੰਜੀ ਹੈ। ਜੋ ਉਹ ਖੋਲ੍ਹਦਾ ਹੈ ਕੋਈ ਵੀ ਬੰਦ ਨਹੀਂ ਕਰ ਸਕਦਾ, ਅਤੇ ਜੋ ਉਹ ਬੰਦ ਕਰਦਾ ਹੈ ਕੋਈ ਨਹੀਂ ਖੋਲ੍ਹ ਸਕਦਾ।

8ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ। ਵੇਖੋ, ਮੈਂ ਤੁਹਾਡੇ ਸਾਹਮਣੇ ਇੱਕ ਖੁੱਲ੍ਹਾ ਦਰਵਾਜ਼ਾ ਰੱਖਿਆ ਹੈ ਜਿਸ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ। ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਬਹੁਤ ਘੱਟ ਤਾਕਤ ਹੈ, ਫਿਰ ਵੀ ਤੁਸੀਂ ਮੇਰੇ ਬਚਨ ਦੀ ਪਾਲਣਾ ਕੀਤੀ ਹੈ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ ਹੈ।

9ਜਿਹੜੇ ਸ਼ੈਤਾਨ ਦੀ ਮੰਡਲੀ ਦੇ ਹਨ ਅਤੇ ਆਪਣੇ ਆਪ ਨੂੰ ਯਹੂਦੀ ਹੋਣ ਦਾ ਦਾਅਵਾ ਕਰਦੇ ਹਨ ਹਾਲਾਂਕਿ ਉਹ ਨਹੀਂ ਹਨ, ਪਰ ਝੂਠੇ ਹਨ, ਮੈਂ ਉਹਨਾਂ ਨੂੰ ਮਜਬੂਰ ਕਰਾਂਗਾ ਕਿ ਤੁਹਾਡੇ ਪੈਰਾਂ ਤੇ ਮੱਥਾ ਟੇਕਣ ਅਤੇ ਇਹ ਜਾਣ ਲੈਣ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ।

10ਇਸ ਲਈ ਕਿ ਤੁਸੀਂ ਧੀਰਜ ਰੱਖ ਕੇ ਮੇਰੇ ਆਦੇਸ਼ ਦੀ ਪਾਲਣਾ ਕੀਤੀ ਹੈ, ਮੈਂ ਪ੍ਰੀਖਿਆ ਦੇ ਸਮੇਂ ਤੁਹਾਡੀ ਰੱਖਿਆ ਕਰਾਂਗਾ, ਜੋ ਧਰਤੀ ਦੇ ਵਾਸੀਆਂ ਉੱਤੇ ਆਉਣ ਵਾਲਾ ਹੈ।

11ਮੈਂ ਜਲਦੀ ਹੀ ਆ ਰਿਹਾ ਹਾਂ। ਤੁਹਾਡੇ ਕੋਲ ਜੋ ਕੁਝ ਹੈ, ਉਸ ਨੂੰ ਫੜ੍ਹੀ ਰੱਖੋ, ਤਾਂ ਜੋ ਕੋਈ ਵੀ ਤੁਹਾਡੀ ਜਿੱਤ ਦਾ ਮੁਕਟ ਨਾ ਲੈ ਸਕੇ।

12ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ਵਰ ਦੇ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ। ਉਹ ਫਿਰ ਕਦੇ ਵੀ ਇਸ ਨੂੰ ਨਹੀਂ ਛੱਡਣਗੇ। ਮੈਂ ਉਹਨਾਂ ਉੱਤੇ ਆਪਣੇ ਪਰਮੇਸ਼ਵਰ ਦਾ ਨਾਮ ਅਤੇ ਮੇਰੇ ਪਰਮੇਸ਼ਵਰ ਦੇ ਸ਼ਹਿਰ, ਨਵੇਂ ਯੇਰੂਸ਼ਲੇਮ ਦਾ ਨਾਮ ਲਿਖਾਂਗਾ, ਜੋ ਮੇਰੇ ਪਰਮੇਸ਼ਵਰ ਵੱਲੋਂ ਸਵਰਗ ਤੋਂ ਹੇਠਾਂ ਆ ਰਿਹਾ ਹੈ; ਅਤੇ ਮੈਂ ਉਹਨਾਂ ਉੱਤੇ ਆਪਣਾ ਨਵਾਂ ਨਾਮ ਵੀ ਲਿਖਾਂਗਾ।

13ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ।

14“ਲਾਉਦਿਕੀਏ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ: ਇਹ ਸ਼ਬਦ ਉਸ ਦੇ ਵੱਲੋ ਹਨ ਜਿਹੜਾ ਆਮੀਨ ਹੈ, ਜਿਹੜਾ ਵਫ਼ਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਮੁੱਢ ਹੈ, ਉਹ ਇਹ ਆਖਦਾ ਹੈ।

15ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ, ਕਿ ਤੁਸੀਂ ਨਾ ਤਾਂ ਠੰਡੇ ਹੋ ਅਤੇ ਨਾ ਹੀ ਗਰਮ। ਮੈਂ ਚਾਹੁੰਦਾ ਸੀ ਜਾਂ ਤੁਸੀਂ ਗਰਮ ਜਾਂ ਠੰਡੇ ਹੁੰਦੇ!

16ਪਰ ਤੁਸੀਂ ਤਾਂ ਕੋਸੇ ਹੋ, ਨਾ ਤਾਂ ਗਰਮ ਅਤੇ ਨਾ ਹੀ ਠੰਡੇ, ਇਸ ਲਈ ਮੈਂ ਤੁਹਾਨੂੰ ਆਪਣੇ ਮੂੰਹ ਤੋਂ ਉਗਲ ਸੁੱਟਾਂਗਾ।

17ਤੁਸੀਂ ਕਹਿੰਦੇ ਹੋ, ਮੈਂ ਅਮੀਰ ਹਾਂ: ‘ਮੈਂ ਦੌਲਤ ਹਾਸਲ ਕਰ ਲਈ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ।’ ਪਰ ਤੁਹਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਤੁਸੀਂ ਦੁਖੀ, ਤਰਸਯੋਗ, ਗਰੀਬ, ਅੰਨ੍ਹੇ ਅਤੇ ਨੰਗੇ ਹੋ।

18ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਮੇਰੇ ਕੋਲੋਂ ਅੱਗ ਵਿੱਚ ਸ਼ੁੱਧ ਕੀਤਾ ਹੋਇਆ ਸੋਨਾ ਖਰੀਦੋ, ਤਾਂ ਜੋ ਤੁਸੀਂ ਅਮੀਰ ਬਣ ਸਕੋ; ਅਤੇ ਪਹਿਨਣ ਲਈ ਚਿੱਟੇ ਕੱਪੜੇ, ਤਾਂ ਜੋ ਤੁਸੀਂ ਆਪਣੀ ਸ਼ਰਮਨਾਕ ਨੰਗੇਜ਼ ਨੂੰ ਢੱਕ ਸਕੋ; ਅਤੇ ਆਪਣੀਆਂ ਅੱਖਾਂ ਵਿੱਚ ਪਾਉਣ ਲਈ ਸੁਰਮਾ, ਤਾਂ ਜੋ ਤੁਸੀਂ ਵੇਖ ਸਕੋ।

19ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹਨਾਂ ਨੂੰ ਮੈਂ ਝਿੜਕਦਾ ਹਾਂ ਅਤੇ ਤਾੜਦਾ ਹਾਂ। ਇਸ ਲਈ ਇਮਾਨਦਾਰ ਬਣੋ ਅਤੇ ਤੋਬਾ ਕਰੋ।

20ਵੇਖੋ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਆਵਾਜ਼ ਸੁਣਦਾ ਹੈ ਅਤੇ ਦਰਵਾਜ਼ਾ ਖੋਲ੍ਹਦਾ ਹੈ, ਮੈਂ ਅੰਦਰ ਆਵਾਂਗਾ ਅਤੇ ਉਸ ਵਿਅਕਤੀ ਦੇ ਨਾਲ ਖਾਵਾਂਗਾ, ਅਤੇ ਉਹ ਮੇਰੇ ਨਾਲ ਖਾਵੇਗਾ।

21ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬੈਠਣ ਦਾ ਹੱਕ ਦੇਵਾਂਗਾ, ਜਿਵੇਂ ਮੈਂ ਜਿੱਤ ਕੇ ਆਪਣੇ ਪਿਤਾ ਦੇ ਨਾਲ ਉਸ ਦੇ ਸਿੰਘਾਸਣ ਉੱਤੇ ਬੈਠਾ ਸੀ।

22ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.