1“ਸਾਰਦੀਸ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ: ਇਹ ਉਸ ਦੇ ਸ਼ਬਦ ਹਨ ਜਿਸ ਕੋਲ ਪਰਮੇਸ਼ਵਰ ਦੀਆਂ ਸੱਤ ਆਤਮਾਵਾਂ ਅਤੇ ਸੱਤ ਤਾਰੇ ਹਨ। ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ; ਤੁਸੀਂ ਜਿਉਂਦੇ ਅਖਵਾਉਂਦੇ ਹੋ, ਪਰ ਤੁਸੀਂ ਮਰੇ ਹੋਏ ਹੋ।
2ਜਾਗੋ! ਜੋ ਕੁਝ ਰਹਿ ਗਿਆ ਹੈ ਅਤੇ ਜੋ ਮਰਨ ਵਾਲਾ ਹੈ ਉਸ ਨੂੰ ਮਜ਼ਬੂਤ ਕਰੋ, ਕਿਉਂਕਿ ਮੈਂ ਤੁਹਾਡੇ ਕੰਮਾਂ ਨੂੰ ਮੇਰੇ ਪਰਮੇਸ਼ਵਰ ਦੀ ਨਜ਼ਰ ਵਿੱਚ ਅਧੂਰਾ ਪਾਇਆ ਹੈ।
3ਇਸ ਲਈ ਯਾਦ ਰੱਖੋ, ਜੋ ਤੁਸੀਂ ਪ੍ਰਾਪਤ ਕੀਤਾ ਅਤੇ ਸੁਣਿਆ ਹੈ; ਇਸ ਨੂੰ ਫੜ੍ਹੀ ਰੱਖੋ ਅਤੇ ਤੋਬਾ ਕਰੋ। ਪਰ ਜੇ ਤੁਸੀਂ ਨਾ ਜਾਗੇ, ਤਾਂ ਮੈਂ ਇੱਕੋਦਮ ਚੋਰ ਵਾਂਗ ਆਵਾਂਗਾ, ਅਤੇ ਤੁਹਾਨੂੰ ਨਹੀਂ ਪਤਾ ਹੋਵੇਗਾ ਕਿ ਮੈਂ ਕਿਸ ਸਮੇਂ ਤੁਹਾਡੇ ਕੋਲ ਆਵਾਂਗਾ।
4ਫਿਰ ਵੀ ਸਾਰਦੀਸ ਵਿੱਚ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜੇ ਮੈਲੇ ਨਹੀਂ ਕੀਤੇ। ਉਹ ਮੇਰੇ ਨਾਲ ਚੱਲਣਗੇ, ਚਿੱਟੇ ਕੱਪੜੇ ਪਹਿਨੇ ਹੋਏ, ਕਿਉਂਕਿ ਉਹ ਯੋਗ ਹਨ।