11ਜਿਸ ਦੇ ਕੋਲ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਉਸ ਉੱਪਰ ਦੂਜੀ ਮੌਤ ਦਾ ਕੋਈ ਅਸਰ ਨਹੀਂ ਹੋਵੇਗਾ।
12“ਪਰਗਮੁਮ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਕਿ: ਇਹ ਉਸ ਦੇ ਸ਼ਬਦ ਹਨ ਜਿਸ ਦੇ ਕੋਲ ਤਿੱਖੀ ਦੋ ਧਾਰੀ ਤਲਵਾਰ ਹੈ।
13ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਰਹਿੰਦੇ ਹੋ, ਜਿੱਥੇ ਸ਼ੈਤਾਨ ਦਾ ਸਿੰਘਾਸਣ ਹੈ। ਫਿਰ ਵੀ ਤੁਸੀਂ ਮੇਰੇ ਨਾਮ ਪ੍ਰਤੀ ਸੱਚੇ ਹੋ। ਤੁਸੀਂ ਮੇਰੇ ਵਿੱਚ ਆਪਣੀ ਨਿਹਚਾ ਨੂੰ ਨਹੀਂ ਛੱਡਿਆ, ਇੱਥੋ ਤੱਕ ਕਿ ਅੰਤਿਪਾਸ ਦੇ ਦਿਨਾਂ ਵਿੱਚ ਵੀ ਨਹੀਂ ਛੱਡਿਆ। ਮੇਰਾ ਵਫ਼ਾਦਾਰ ਗਵਾਹ, ਜਿਸ ਨੂੰ ਤੁਹਾਡੇ ਸ਼ਹਿਰ ਵਿੱਚ ਮਾਰ ਦਿੱਤਾ ਗਿਆ ਸੀ, ਜਿੱਥੇ ਸ਼ੈਤਾਨ ਰਹਿੰਦਾ ਹੈ।
14ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ, ਤੁਹਾਡੇ ਵਿੱਚੋਂ ਕੁਝ ਅਜਿਹੇ ਹਨ ਜੋ ਬਿਲਆਮ ਦੀ ਸਿੱਖਿਆ ਨੂੰ ਮੰਨਦੇ ਹਨ, ਜਿਸ ਨੇ ਰਾਜਾ ਬਾਲਾਕ ਨੂੰ ਇਸਰਾਏਲ ਨੂੰ ਪਾਪ ਕਰਨ ਲਈ ਭਰਮਾਉਣਾ ਸਿਖਾਇਆ ਤਾਂ ਜੋ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਜਿਨਸੀ ਹਰਾਮਕਾਰੀ ਕਰਨ।
15ਇਸੇ ਤਰ੍ਹਾਂ, ਤੁਹਾਡੇ ਵਿੱਚ ਉਹ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਮੰਨਦੇ ਹਨ।