19ਕਿਉਂਕਿ ਜੋ ਕੁਝ ਪਰਮੇਸ਼ਵਰ ਦੇ ਬਾਰੇ ਜਾਣਿਆ ਜਾ ਸਕਦਾ ਹੈ ਉਹ ਸਪੱਸ਼ਟ ਹੈ ਕਿਉਂਕਿ ਪਰਮੇਸ਼ਵਰ ਨੇ ਆਪ ਉਹਨਾਂ ਨੂੰ ਇਹ ਸਪੱਸ਼ਟ ਕੀਤਾ ਹੈ।
20ਜਦੋਂ ਤੋਂ ਇਹ ਸੰਸਾਰ ਬਣਾਇਆ ਗਿਆ ਹੈ, ਲੋਕਾਂ ਨੇ ਧਰਤੀ ਅਤੇ ਅਕਾਸ਼ ਨੂੰ ਵੇਖਿਆ ਹੈ। ਹਰ ਚੀਜ਼ ਦੁਆਰਾ ਜੋ ਪਰਮੇਸ਼ਵਰ ਨੇ ਬਣਾਇਆ ਹੈ, ਉਹ ਉਸਦੇ ਅਦਿੱਖ ਗੁਣਾਂ ਅਤੇ ਉਸਦੀ ਸਦੀਪਕ ਸ਼ਕਤੀ ਅਤੇ ਪਰਮੇਸ਼ਵਰੀ ਸੁਭਾਉ ਨੂੰ ਸਪੱਸ਼ਟ ਤੌਰ ਤੇ ਵੇਖ ਸਕਦੇ ਹਨ। ਇਸ ਲਈ ਉਹਨਾਂ ਕੋਲ ਪਰਮੇਸ਼ਵਰ ਨੂੰ ਨਾ ਜਾਣਨ ਦਾ ਕੋਈ ਬਹਾਨਾ ਨਹੀਂ ਹੈ।
21ਭਾਵੇਂ ਉਹ ਸਭ ਪਰਮੇਸ਼ਵਰ ਨੂੰ ਜਾਣਦੇ ਸਨ, ਉਹਨਾਂ ਨੇ ਨਾ ਤਾਂ ਉਸ ਨੂੰ ਪਰਮੇਸ਼ਵਰ ਹੋਣ ਦੀ ਮਹਿਮਾ ਦਿੱਤੀ ਅਤੇ ਨਾ ਹੀ ਉਸ ਦਾ ਧੰਨਵਾਦ ਕੀਤਾ, ਪਰ ਉਹਨਾਂ ਦੀ ਸੋਚ ਵਿਅਰਥ ਹੋ ਗਈ ਅਤੇ ਉਹਨਾਂ ਦੇ ਮੂਰਖ ਦਿਲ ਹਨੇਰਾ ਹੋ ਗਏ।
22ਹਾਲਾਂਕਿ ਉਹਨਾਂ ਨੇ ਬੁੱਧੀਮਾਨ ਹੋਣ ਦਾ ਦਾਅਵਾ ਕੀਤਾ, ਉਹ ਮੂਰਖ ਬਣ ਗਏ।
23ਅਤੇ ਮਹਾਨ ਅਤੇ ਜਿਉਂਦੇ ਪਰਮੇਸ਼ਵਰ ਦੀ ਮਹਿਮਾ ਕਰਨ ਦੀ ਬਜਾਏ ਉਹਨਾਂ ਨਾਸ਼ ਹੋਣ ਵਾਲੇ ਮਨੁੱਖਾਂ ਦੀਆਂ ਬਣਾਈਆਂ ਮੂਰਤੀਆਂ ਅਤੇ ਪੰਛੀਆਂ ਅਤੇ ਜਾਨਵਰਾਂ ਅਤੇ ਘਿੱਸਰਨ ਵਾਲੇ ਜੀਵ-ਜੰਤੂਆਂ ਨੂੰ ਮਹਿਮਾ ਦਿੱਤੀ।