1ਹੇ ਯੇਰੂਸ਼ਲੇਮ, ਯਾਹਵੇਹ ਦਾ ਇੱਕ ਅਜਿਹਾ ਦਿਨ ਆ ਰਿਹਾ ਹੈ, ਜਦੋਂ ਤੁਹਾਡੀਆਂ ਚੀਜ਼ਾਂ ਲੁੱਟੀਆਂ ਜਾਣਗੀਆਂ ਅਤੇ ਤੁਹਾਡੀਆਂ ਹੀ ਹੱਦ ਵਿੱਚ ਵੰਡੀਆਂ ਜਾਣਗੀਆਂ।
2ਮੈਂ ਸਾਰੀਆਂ ਕੌਮਾਂ ਨੂੰ ਯੇਰੂਸ਼ਲੇਮ ਦੇ ਵਿਰੁੱਧ ਲੜਨ ਲਈ ਇਕੱਠਾ ਕਰਾਂਗਾ। ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ, ਘਰਾਂ ਨੂੰ ਤੋੜਿਆ ਜਾਵੇਗਾ, ਅਤੇ ਔਰਤਾਂ ਨਾਲ ਬਲਾਤਕਾਰ ਕੀਤਾ ਜਾਵੇਗਾ। ਅੱਧਾ ਸ਼ਹਿਰ ਗ਼ੁਲਾਮੀ ਵਿੱਚ ਚਲਾ ਜਾਵੇਗਾ, ਪਰ ਬਾਕੀ ਦੇ ਲੋਕ ਸ਼ਹਿਰ ਵਿੱਚ ਹੀ ਰਹਿਣਗੇ।
3ਤਦ ਯਾਹਵੇਹ ਬਾਹਰ ਜਾਵੇਗਾ ਅਤੇ ਉਨ੍ਹਾਂ ਕੌਮਾਂ ਨਾਲ ਲੜੇਗਾ, ਜਿਵੇਂ ਉਹ ਲੜਾਈ ਦੇ ਦਿਨ ਲੜਦਾ ਹੈ।
4ਉਸ ਦਿਨ ਉਹ ਦੇ ਪੈਰ ਯੇਰੂਸ਼ਲੇਮ ਦੇ ਪੂਰਬ ਵੱਲ ਜ਼ੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ, ਅਤੇ ਜ਼ੈਤੂਨ ਦਾ ਪਹਾੜ ਪੂਰਬ ਤੋਂ ਪੱਛਮ ਤੱਕ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਇੱਕ ਵੱਡੀ ਘਾਟੀ ਬਣ ਜਾਵੇਗੀ, ਪਹਾੜ ਦਾ ਅੱਧਾ ਉੱਤਰ ਵੱਲ ਅਤੇ ਅੱਧਾ ਦੱਖਣ ਵੱਲ ਜਾਵੇਗਾ।