8ਪਰ ਸਾਦੋਕ ਜਾਜਕ, ਯਹੋਯਾਦਾ ਦਾ ਪੁੱਤਰ ਬਨਾਯਾਹ, ਨਾਥਾਨ ਨਬੀ, ਸ਼ਿਮਈ ਅਤੇ ਰੇਈ ਅਤੇ ਦਾਵੀਦ ਦੇ ਖਾਸ ਪਹਿਰੇਦਾਰ ਅਦੋਨੀਯਾਹ ਦੇ ਨਾਲ ਨਾ ਆਏ।
9ਤਦ ਅਦੋਨੀਯਾਹ ਨੇ ਏਨ-ਰੋਗੇਲ ਦੇ ਨੇੜੇ ਜ਼ੋਹੇਲਥ ਦੇ ਪੱਥਰ ਉੱਤੇ ਭੇਡਾਂ, ਪਸ਼ੂਆਂ ਅਤੇ ਮੋਟੇ ਵੱਛਿਆਂ ਦੀ ਬਲੀ ਦਿੱਤੀ। ਉਸ ਨੇ ਆਪਣੇ ਸਾਰੇ ਭਰਾਵਾਂ, ਪਾਤਸ਼ਾਹ ਦੇ ਪੁੱਤਰਾਂ ਅਤੇ ਯਹੂਦਾਹ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੂੰ ਸੱਦਿਆ।
10ਪਰ ਉਸ ਨੇ ਨਾਥਾਨ ਨਬੀ ਜਾਂ ਬਨਾਯਾਹ ਸੂਰਬੀਰ ਜਾਂ ਖਾਸ ਪਹਿਰੇਦਾਰ ਜਾਂ ਉਹ ਦੇ ਭਰਾ ਸ਼ਲੋਮੋਨ ਨੂੰ ਨਾ ਸੱਦਿਆ।
11ਤਦ ਨਾਥਾਨ ਨੇ ਸ਼ਲੋਮੋਨ ਦੀ ਮਾਤਾ ਬੈਥਸ਼ੇਬਾ ਨੂੰ ਪੁੱਛਿਆ, “ਕੀ ਤੁਸੀਂ ਨਹੀਂ ਸੁਣਿਆ ਜੋ ਹੇਗੀਥ ਦਾ ਪੁੱਤਰ ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਸਾਡੇ ਸੁਆਮੀ ਦਾਵੀਦ ਰਾਜਾ ਨੂੰ ਇਸਦੀ ਕੋਈ ਖ਼ਬਰ ਨਹੀਂ?
12ਤਾਂ ਹੁਣ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਆਪਣੀ ਅਤੇ ਆਪਣੇ ਪੁੱਤਰ ਸ਼ਲੋਮੋਨ ਦੀ ਜਾਨ ਕਿਵੇਂ ਬਚਾ ਸਕਦੇ ਹੋ।