9ਤਦ ਅਦੋਨੀਯਾਹ ਨੇ ਏਨ-ਰੋਗੇਲ ਦੇ ਨੇੜੇ ਜ਼ੋਹੇਲਥ ਦੇ ਪੱਥਰ ਉੱਤੇ ਭੇਡਾਂ, ਪਸ਼ੂਆਂ ਅਤੇ ਮੋਟੇ ਵੱਛਿਆਂ ਦੀ ਬਲੀ ਦਿੱਤੀ। ਉਸ ਨੇ ਆਪਣੇ ਸਾਰੇ ਭਰਾਵਾਂ, ਪਾਤਸ਼ਾਹ ਦੇ ਪੁੱਤਰਾਂ ਅਤੇ ਯਹੂਦਾਹ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੂੰ ਸੱਦਿਆ।
10ਪਰ ਉਸ ਨੇ ਨਾਥਾਨ ਨਬੀ ਜਾਂ ਬਨਾਯਾਹ ਸੂਰਬੀਰ ਜਾਂ ਖਾਸ ਪਹਿਰੇਦਾਰ ਜਾਂ ਉਹ ਦੇ ਭਰਾ ਸ਼ਲੋਮੋਨ ਨੂੰ ਨਾ ਸੱਦਿਆ।
11ਤਦ ਨਾਥਾਨ ਨੇ ਸ਼ਲੋਮੋਨ ਦੀ ਮਾਤਾ ਬੈਥਸ਼ੇਬਾ ਨੂੰ ਪੁੱਛਿਆ, “ਕੀ ਤੁਸੀਂ ਨਹੀਂ ਸੁਣਿਆ ਜੋ ਹੇਗੀਥ ਦਾ ਪੁੱਤਰ ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਸਾਡੇ ਸੁਆਮੀ ਦਾਵੀਦ ਰਾਜਾ ਨੂੰ ਇਸਦੀ ਕੋਈ ਖ਼ਬਰ ਨਹੀਂ?
12ਤਾਂ ਹੁਣ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਆਪਣੀ ਅਤੇ ਆਪਣੇ ਪੁੱਤਰ ਸ਼ਲੋਮੋਨ ਦੀ ਜਾਨ ਕਿਵੇਂ ਬਚਾ ਸਕਦੇ ਹੋ।
13ਦਾਵੀਦ ਪਾਤਸ਼ਾਹ ਕੋਲ ਜਾ ਕੇ ਉਹ ਨੂੰ ਆਖ, ‘ਹੇ ਮੇਰੇ ਮਹਾਰਾਜ ਪਾਤਸ਼ਾਹ, ਕੀ ਤੂੰ ਮੇਰੇ ਨਾਲ ਆਪਣੇ ਸੇਵਕ ਦੀ ਸਹੁੰ ਨਹੀਂ ਖਾਧੀ ਸੀ, “ਕਿ ਸੱਚ-ਮੁੱਚ ਤੇਰਾ ਪੁੱਤਰ ਸ਼ਲੋਮੋਨ ਮੇਰੇ ਮਗਰੋਂ ਪਾਤਸ਼ਾਹ ਹੋਵੇਗਾ ਅਤੇ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ”? ਤਾਂ ਫਿਰ ਅਦੋਨੀਯਾਹ ਰਾਜਾ ਕਿਉਂ ਬਣਿਆ ਹੈ?’