45ਅਤੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਉਹ ਨੂੰ ਗੀਹੋਨ ਵਿੱਚ ਰਾਜਾ ਹੋਣ ਲਈ ਮਸਹ ਕੀਤਾ ਹੈ। ਉੱਥੋਂ ਉਹ ਅਨੰਦ ਕਰਦੇ ਹੋਏ ਮੁੜੇ ਹਨ, ਅਤੇ ਸ਼ਹਿਰ ਇਸ ਨਾਲ ਗੂੰਜਦਾ ਹੈ। ਇਹ ਉਹ ਰੌਲਾ ਹੈ ਜੋ ਤੁਸੀਂ ਸੁਣਦੇ ਹੋ।
46ਇਸ ਤੋਂ ਇਲਾਵਾ, ਸ਼ਲੋਮੋਨ ਸ਼ਾਹੀ ਸਿੰਘਾਸਣ ਉੱਤੇ ਬੈਠ ਗਿਆ ਹੈ।
47ਪਾਤਸ਼ਾਹ ਦੇ ਸੇਵਕ ਆ ਕੇ ਸਾਡੇ ਮਾਲਕ ਪਾਤਸ਼ਾਹ ਦਾਵੀਦ ਨੂੰ ਵਧਾਈਆਂ ਦੇ ਰਹੇ ਹਨ, ‘ਕਿ ਤੁਹਾਡਾ ਪਰਮੇਸ਼ਵਰ ਸ਼ਲੋਮੋਨ ਦਾ ਨਾਮ ਤੇਰੇ ਨਾਲੋਂ ਵੱਧ ਅਤੇ ਉਹ ਦੇ ਸਿੰਘਾਸਣ ਨੂੰ ਤੇਰੇ ਨਾਲੋਂ ਵੱਡਾ ਕਰੇ!’ ਅਤੇ ਪਾਤਸ਼ਾਹ ਨੇ ਆਪਣੇ ਬਿਸਤਰੇ ਉੱਤੇ ਮੱਥਾ ਟੇਕਿਆ।
48ਅਤੇ ਆਖਿਆ, ‘ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਮੁਬਾਰਕ ਹੋਵੇ, ਜਿਸ ਨੇ ਮੈਨੂੰ ਪੁੱਤਰ ਦਿੱਤਾ ਜਿਹੜਾ ਮੇਰੀਆਂ ਅੱਖਾਂ ਦੇ ਵੇਖਦਿਆਂ ਮੇਰੀ ਰਾਜ ਗੱਦੀ ਉੱਤੇ ਬੈਠਾ ਹੈ।’ ”
49ਇਹ ਸੁਣ ਕੇ ਅਦੋਨੀਯਾਹ ਦੇ ਸਾਰੇ ਮਹਿਮਾਨ ਘਬਰਾ ਗਏ ਅਤੇ ਆਪਣੇ-ਆਪਣੇ ਰਾਹ ਤੁਰ ਪਏ।