1ਯਾਹਵੇਹ ਦੇ ਬਚਨ ਅਨੁਸਾਰ ਪਰਮੇਸ਼ਵਰ ਦਾ ਇੱਕ ਮਨੁੱਖ ਯਹੂਦਾਹ ਤੋਂ ਬੈਤਏਲ ਵਿੱਚ ਆਇਆ, ਜਦੋਂ ਯਾਰਾਬੁਆਮ ਭੇਟ ਚੜ੍ਹਾਉਣ ਲਈ ਜਗਵੇਦੀ ਕੋਲ ਖੜ੍ਹਾ ਸੀ।
2ਯਾਹਵੇਹ ਦੇ ਬਚਨ ਦੁਆਰਾ ਉਸ ਨੇ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ: “ਹੇ ਜਗਵੇਦੀ, ਹੇ ਜਗਵੇਦੀ! ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਕਿ ਵੇਖ, ਦਾਵੀਦ ਦੇ ਘਰਾਣੇ ਵਿੱਚੋਂ ਯੋਸ਼ੀਯਾਹ ਨਾਮ ਦਾ ਇੱਕ ਮੁੰਡਾ ਜੰਮੇਗਾ ਅਤੇ ਉਹ ਉੱਚਿਆਂ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਧੁਖਾਉਂਦੇ ਹਨ ਤੇਰੇ ਹੀ ਉੱਤੇ ਚੜ੍ਹਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ।’ ”
3ਉਸੇ ਦਿਨ ਪਰਮੇਸ਼ਵਰ ਦੇ ਮਨੁੱਖ ਨੇ ਇੱਕ ਨਿਸ਼ਾਨੀ ਦਿੱਤੀ, “ਇਹ ਯਾਹਵੇਹ ਦਾ ਚਿੰਨ੍ਹ ਹੈ: ਜਗਵੇਦੀ ਨੂੰ ਵੱਖ ਕਰ ਦਿੱਤਾ ਜਾਵੇਗਾ ਅਤੇ ਇਸ ਉੱਤੇ ਸੁਆਹ ਡੋਲ੍ਹ ਦਿੱਤੀ ਜਾਵੇਗੀ।”
4ਜਦੋਂ ਰਾਜਾ ਯਾਰਾਬੁਆਮ ਨੇ ਸੁਣਿਆ ਜੋ ਪਰਮੇਸ਼ਵਰ ਦੇ ਮਨੁੱਖ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਪੁਕਾਰਿਆ ਹੈ, ਤਾਂ ਉਸ ਨੇ ਜਗਵੇਦੀ ਤੋਂ ਆਪਣਾ ਹੱਥ ਵਧਾ ਕੇ ਕਿਹਾ, “ਉਸ ਨੂੰ ਫੜ ਲੈ!” ਪਰ ਜਿਹੜਾ ਹੱਥ ਉਸ ਨੇ ਆਦਮੀ ਵੱਲ ਵਧਾਇਆ ਸੀ, ਉਹ ਸੁੰਗੜ ਗਿਆ, ਇਸ ਲਈ ਉਹ ਉਸ ਨੂੰ ਪਿੱਛੇ ਨਾ ਖਿੱਚ ਸਕਿਆ।
5ਨਾਲੇ, ਜਗਵੇਦੀ ਪਾਟ ਗਈ ਅਤੇ ਉਸ ਦੀ ਸੁਆਹ ਉਸ ਨਿਸ਼ਾਨ ਦੇ ਅਨੁਸਾਰ ਡੋਲ੍ਹ ਦਿੱਤੀ ਗਈ ਜੋ ਪਰਮੇਸ਼ਵਰ ਦੇ ਮਨੁੱਖ ਦੁਆਰਾ ਯਾਹਵੇਹ ਦੇ ਬਚਨ ਦੁਆਰਾ ਦਿੱਤੀ ਗਈ ਸੀ।