8ਯੋਨਾਥਾਨ ਨੇ ਕਿਹਾ, “ਚੱਲ ਫਿਰ ਅਸੀਂ ਉਹਨਾਂ ਵੱਲ ਪਾਰ ਲੰਘ ਕੇ ਆਪਣੇ ਆਪ ਨੂੰ ਉਹਨਾਂ ਕੋਲ ਪਰਗਟ ਕਰਾਂਗੇ।
9ਜੇਕਰ ਉਹ ਸਾਨੂੰ ਆਖਣ, ‘ਉੱਥੇ ਉਡੀਕ ਕਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ,’ ਤਾਂ ਅਸੀਂ ਉੱਥੇ ਹੀ ਰਹਾਂਗੇ ਅਤੇ ਉਹਨਾਂ ਉੱਤੇ ਚੜਾਈ ਨਹੀਂ ਕਰਾਂਗੇ।
10ਪਰ ਜੇ ਉਹ ਆਖਣ, ‘ਸਾਡੇ ਕੋਲ ਚੜ੍ਹ ਆਓ,’ ਤਾਂ ਅਸੀਂ ਚੜ੍ਹ ਜਾਵਾਂਗੇ, ਕਿਉਂਕਿ ਇਹ ਸਾਡੀ ਨਿਸ਼ਾਨੀ ਹੋਵੇਗੀ ਕਿ ਯਾਹਵੇਹ ਨੇ ਉਹਨਾਂ ਨੂੰ ਸਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ।”
11ਤਾਂ ਦੋਹਾਂ ਨੇ ਫ਼ਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਵਿਖਾਇਆ। ਫ਼ਲਿਸਤੀ ਬੋਲੇ “ਦੇਖੋ! ਇਬਰਾਨੀ ਉਹਨਾਂ ਖੁੱਡਾਂ ਵਿੱਚੋਂ ਬਾਹਰ ਨਿੱਕਲ ਆਉਂਦੇ ਹਨ ਜਿਨ੍ਹਾਂ ਵਿੱਚ ਉਹ ਛੁਪੇ ਹੋਏ ਸਨ।”
12ਚੌਂਕੀ ਦੇ ਆਦਮੀਆਂ ਨੇ ਯੋਨਾਥਾਨ ਅਤੇ ਉਸ ਦੇ ਸ਼ਸਤਰ ਚੁੱਕਣ ਵਾਲੇ ਨੂੰ ਉੱਚੀ-ਉੱਚੀ ਕਿਹਾ, “ਸਾਡੇ ਕੋਲ ਚੜ੍ਹ ਆਓ ਅਤੇ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ।” ਇਸ ਲਈ ਯੋਨਾਥਾਨ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਮੇਰੇ ਪਿੱਛੇ ਚੜ੍ਹ ਆ ਕਿਉਂ ਜੋ ਯਾਹਵੇਹ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਸੌਂਪ ਦਿੱਤਾ ਹੈ।”