15ਤਦ ਸਾਰੀ ਫ਼ੌਜ, ਜਿਹੜੇ ਡੇਰੇ ਅਤੇ ਮੈਦਾਨ ਵਿੱਚ ਸਨ ਅਤੇ ਜਿਹੜੇ ਚੌਂਕੀਆਂ ਅਤੇ ਛਾਪਾਮਾਰ ਦਲਾਂ ਵਿੱਚ ਸਨ, ਘਬਰਾ ਗਏ ਅਤੇ ਜ਼ਮੀਨ ਹਿੱਲ ਗਈ। ਇਹ ਪਰਮੇਸ਼ਵਰ ਵੱਲੋਂ ਭੇਜੀ ਦਹਿਸ਼ਤ ਸੀ।
16ਸ਼ਾਊਲ ਦੇ ਪਹਿਰੇਦਾਰਾਂ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਵੇਖਿਆ ਕਿ ਭੀੜ ਘੱਟਦੀ ਜਾਂਦੀ ਹੈ ਅਤੇ ਉਹ ਇੱਧਰ-ਉੱਧਰ ਤੁਰੇ ਜਾਂਦੇ ਸਨ।
17ਤਦ ਸ਼ਾਊਲ ਨੇ ਉਹਨਾਂ ਮਨੁੱਖਾਂ ਨੂੰ ਜਿਹੜੇ ਉਹ ਦੇ ਨਾਲ ਸਨ ਆਖਿਆ, “ਫੌਜਾਂ ਨੂੰ ਇਕੱਠਾ ਕਰੋ ਅਤੇ ਵੇਖੋ ਕਿ ਸਾਡੇ ਵਿੱਚੋਂ ਕੌਣ ਸਾਨੂੰ ਛੱਡ ਕੇ ਗਿਆ ਹੈ।” ਜਦੋਂ ਉਹਨਾਂ ਨੇ ਗਿਣਿਆ ਤਾਂ ਵੇਖੋ ਯੋਨਾਥਾਨ ਅਤੇ ਉਸਦਾ ਸ਼ਸਤਰ ਚੁੱਕਣ ਵਾਲਾ ਉੱਥੇ ਨਹੀਂ ਸੀ।
18ਸ਼ਾਊਲ ਨੇ ਅਹੀਯਾਹ ਨੂੰ ਆਖਿਆ, ਪਰਮੇਸ਼ਵਰ ਦੇ ਸੰਦੂਕ ਨੂੰ ਲੈ ਆ। (ਉਸ ਵੇਲੇ ਇਹ ਇਸਰਾਏਲੀਆਂ ਦੇ ਵਿੱਚਕਾਰ ਸੀ।)
19ਜਦੋਂ ਸ਼ਾਊਲ ਜਾਜਕ ਨਾਲ ਗੱਲ ਕਰ ਰਿਹਾ ਸੀ ਤਾਂ ਫ਼ਲਿਸਤੀਆਂ ਦੇ ਡੇਰੇ ਵਿੱਚ ਹੰਗਾਮਾ ਹੋਰ ਵੱਧ ਗਿਆ। ਇਸ ਲਈ ਸ਼ਾਊਲ ਨੇ ਜਾਜਕ ਨੂੰ ਕਿਹਾ, “ਆਪਣਾ ਹੱਥ ਹਟਾ ਲੈ।”