11“ਮੈਨੂੰ ਪਛਤਾਵਾ ਹੈ ਕਿ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਹੈ ਕਿਉਂ ਜੋ ਉਹ ਮੇਰੇ ਤੋਂ ਹਟ ਗਿਆ ਹੈ ਅਤੇ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ।” ਸਮੂਏਲ ਗੁੱਸੇ ਹੋਇਆ, ਅਤੇ ਸਾਰੀ ਰਾਤ ਯਾਹਵੇਹ ਅੱਗੇ ਤਰਲੇ ਕਰਦਾ ਰਿਹਾ।
12ਤੜਕੇ ਸਮੂਏਲ ਉੱਠਿਆ ਅਤੇ ਸ਼ਾਊਲ ਨੂੰ ਮਿਲਣ ਗਿਆ ਪਰ ਉਸਨੂੰ ਦੱਸਿਆ ਗਿਆ, “ਸ਼ਾਊਲ ਕਰਮਲ ਨੂੰ ਚਲਾ ਗਿਆ ਹੈ ਅਤੇ ਵੇਖੋ ਆਪਣੇ ਲਈ ਉਸਨੇ ਇੱਕ ਯਾਦਗਾਰ ਕਾਇਮ ਕੀਤੀ, ਅਤੇ ਲੰਘ ਕੇ ਗਿਲਗਾਲ ਵੱਲ ਚਲਾ ਗਿਆ ਹੈ।”
13ਜਦੋਂ ਸਮੂਏਲ ਉਸ ਕੋਲ ਪਹੁੰਚਿਆ ਤਾਂ ਸ਼ਾਊਲ ਨੇ ਆਖਿਆ, “ਯਾਹਵੇਹ ਤੈਨੂੰ ਅਸੀਸ ਦੇਵੇ! ਮੈਂ ਯਾਹਵੇਹ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ।”
14ਪਰ ਸਮੂਏਲ ਨੇ ਕਿਹਾ, “ਫੇਰ ਮੇਰੇ ਕੰਨਾਂ ਵਿੱਚ ਭੇਡਾਂ ਦੀ ਮੈਂ-ਮੈਂ ਕਿਉਂ ਸੁਣਾਈ ਦਿੰਦੀ ਹੈ? ਅਤੇ ਪਸ਼ੂਆਂ ਦਾ ਅੜਿੰਗਣਾਂ ਕੀ ਹੈ ਜੋ ਮੈਂ ਸੁਣਦਾ ਹਾਂ?”
15ਸ਼ਾਊਲ ਨੇ ਉੱਤਰ ਦਿੱਤਾ, “ਸਿਪਾਹੀ ਉਹਨਾਂ ਨੂੰ ਅਮਾਲੇਕੀਆਂ ਤੋਂ ਲਿਆਏ ਸਨ। ਉਹਨਾਂ ਨੇ ਸਭ ਤੋਂ ਵਧੀਆ ਭੇਡਾਂ ਅਤੇ ਪਸ਼ੂਆਂ ਨੂੰ ਯਾਹਵੇਹ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਉਣ ਲਈ ਰੱਖ ਲਿਆ ਹੈ, ਪਰ ਅਸੀਂ ਬਾਕੀ ਸਭ ਕੁਝ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।”