24ਜਦੋਂ ਵੀ ਇਸਰਾਏਲੀਆਂ ਨੇ ਉਸ ਮਨੁੱਖ ਨੂੰ ਵੇਖਿਆ ਤਾਂ ਉਹ ਸਾਰੇ ਡਰਦੇ ਹੋਏ ਉਸ ਕੋਲੋਂ ਭੱਜ ਗਏ।
25ਹੁਣ ਇਸਰਾਏਲੀ ਆਖ ਰਹੇ ਸਨ, “ਕੀ ਤੁਸੀਂ ਵੇਖਦੇ ਹੋ ਕਿ ਇਹ ਮਨੁੱਖ ਕਿਵੇਂ ਨਿੱਕਲਦਾ ਹੈ? ਉਹ ਇਸਰਾਏਲੀਆਂ ਦਾ ਵਿਰੋਧ ਕਰਨ ਲਈ ਬਾਹਰ ਆਉਂਦਾ ਹੈ। ਰਾਜਾ ਉਸ ਆਦਮੀ ਨੂੰ ਬਹੁਤ ਦੌਲਤ ਦੇਵੇਗਾ ਜੋ ਉਸਨੂੰ ਮਾਰੇਗਾ ਅਤੇ ਆਪਣੀ ਧੀ ਉਸ ਨਾਲ ਵਿਆਹ ਦੇਵੇਗਾ ਅਤੇ ਉਸਦੇ ਪਰਿਵਾਰ ਨੂੰ ਇਸਰਾਏਲ ਵਿੱਚ ਅਜ਼ਾਦ ਕਰੇਗਾ।”
26ਦਾਵੀਦ ਨੇ ਆਪਣੇ ਨੇੜੇ ਖੜ੍ਹੇ ਮਨੁੱਖਾਂ ਨੂੰ ਪੁੱਛਿਆ, “ਜਿਹੜਾ ਮਨੁੱਖ ਇਸ ਫ਼ਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਸ ਨੂੰ ਕੀ ਮਿਲੇਗਾ ਕਿਉਂ ਜੋ ਇਹ ਅਸੁੰਨਤੀ ਫ਼ਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ਵਰ ਦੇ ਦਲਾਂ ਨੂੰ ਸਰਮਿੰਦਾ ਕਰੇ?”
27ਉਹਨਾਂ ਨੇ ਉਸ ਨੂੰ ਉਹ ਗੱਲਾਂ ਦੁਹਰਾਈਆਂ ਜੋ ਉਹ ਆਖਦੇ ਸਨ ਅਤੇ ਉਸ ਨੂੰ ਕਿਹਾ, “ਉਸ ਮਨੁੱਖ ਲਈ ਜੋ ਉਹ ਨੂੰ ਮਾਰਦਾ ਹੈ ਇਹ ਕੁਝ ਮਿਲੇਗਾ।”
28ਜਦ ਦਾਵੀਦ ਦੇ ਵੱਡੇ ਭਰਾ ਅਲੀਆਬ ਨੇ ਉਹ ਨੂੰ ਮਨੁੱਖਾਂ ਨਾਲ ਗੱਲਾਂ ਕਰਦਿਆਂ ਸੁਣਿਆ ਤਾਂ ਉਹ ਉਸ ਉੱਤੇ ਗੁੱਸੇ ਨਾਲ ਭੜਕ ਉੱਠਿਆ ਅਤੇ ਪੁੱਛਿਆ, “ਤੂੰ ਇੱਥੇ ਕਿਉਂ ਆਇਆ ਹੈ? ਅਤੇ ਤੂੰ ਉਹਨਾਂ ਕੁਝ ਭੇਡਾਂ ਨੂੰ ਉਜਾੜ ਵਿੱਚ ਕਿਸ ਦੇ ਹੱਥਾਂ ਵਿੱਚ ਛੱਡ ਕੇ ਆਇਆ ਹੈ? ਮੈਂ ਘਮੰਡ ਅਤੇ ਤੇਰੇ ਦਿਲ ਦੀ ਬੁਰਿਆਈ ਨੂੰ ਜਾਣਦਾ ਹਾਂ; ਤੂੰ ਸਿਰਫ ਲੜਾਈ ਵੇਖਣ ਨੂੰ ਆਇਆ ਹੈ।”