10ਯਾਹਵੇਹ ਦੇ ਵਿਰੋਧੀ ਮਿਟਾਏ ਜਾਣਗੇ। ਅੱਤ ਮਹਾਨ ਅਕਾਸ਼ ਤੋਂ ਉਹਨਾਂ ਉੱਤੇ ਗਰਜੇਗਾ। ਯਾਹਵੇਹ ਧਰਤੀ ਦੀਆਂ ਹੱਦਾਂ ਦਾ ਨਿਆਂ ਕਰੇਗਾ। “ਉਹ ਆਪਣੇ ਰਾਜੇ ਨੂੰ ਬਲ ਦੇਵੇਗਾ, ਅਤੇ ਆਪਣੇ ਮਸਹ ਕੀਤੇ ਹੋਏ ਦੇ ਸਿੰਗ ਨੂੰ ਉੱਚਾ ਕਰੇਗਾ।”
11ਤਦ ਅਲਕਾਨਾਹ ਰਾਮਾਹ ਨੂੰ ਆਪਣੇ ਘਰ ਚਲਾ ਗਿਆ, ਪਰ ਮੁੰਡਾ ਏਲੀ ਜਾਜਕ ਦੇ ਅਧੀਨ ਯਾਹਵੇਹ ਦੇ ਅੱਗੇ ਸੇਵਾ ਕਰਦਾ ਸੀ।
12ਏਲੀ ਦੇ ਪੁੱਤਰ ਦੁਸ਼ਟ ਸਨ। ਉਹਨਾਂ ਨੂੰ ਯਾਹਵੇਹ ਦੀ ਕੋਈ ਪਰਵਾਹ ਨਹੀਂ ਸੀ।
13ਹੁਣ ਜਾਜਕਾਂ ਦੀ ਇਹ ਰੀਤ ਸੀ ਕਿ ਜਦੋਂ ਵੀ ਲੋਕਾਂ ਵਿੱਚੋਂ ਕੋਈ ਬਲੀ ਚੜ੍ਹਾਉਂਦਾ ਸੀ ਤਾਂ ਜਾਜਕ ਦਾ ਸੇਵਕ ਮਾਸ ਨੂੰ ਉਬਾਲਦੇ ਸਮੇਂ ਆਪਣੇ ਹੱਥ ਵਿੱਚ ਇੱਕ ਤ੍ਰਿਸੂਲ ਲੈ ਆਉਂਦਾ ਸੀ।
14ਅਤੇ ਉਹ ਨੂੰ ਮਾਸ ਵਿੱਚੋਂ ਜੋ ਕੜਾਹੇ, ਦੇਕਚੇ, ਵਲਟੋਹੇ ਜਾਂ ਸਗਲੇ ਵਿੱਚ ਹੋਵੇ ਖੋਭਦਾ ਸੀ ਅਤੇ ਜਿੰਨਾ ਵੀ ਤ੍ਰਿਸੂਲ ਨਾਲ ਨਿਕਲਦਾ ਸੀ ਉਹ ਸਾਰਾ ਜਾਜਕ ਆਪ ਲੈਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਸਭਨਾਂ ਇਸਰਾਏਲੀਆਂ ਨਾਲ ਜੋ ਉੱਥੇ ਜਾਂਦੇ ਸਨ ਅਜਿਹਾ ਹੀ ਕਰਦੇ ਸਨ।