33ਪਰ ਸ਼ਾਊਲ ਨੇ ਉਸ ਦੇ ਮਾਰਨ ਲਈ ਭਾਲਾ ਚਲਾਇਆ। ਫਿਰ ਯੋਨਾਥਾਨ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਨੇ ਦਾਵੀਦ ਨੂੰ ਮਾਰਨ ਦਾ ਪੱਕਾ ਇਰਾਦਾ ਬਣਾ ਲਿਆ ਹੈ।
34ਯੋਨਾਥਾਨ ਬਹੁਤ ਗੁੱਸੇ ਵਿੱਚ ਮੇਜ਼ ਤੋਂ ਉੱਠਿਆ ਅਤੇ ਤਿਉਹਾਰ ਦੇ ਦੂਜੇ ਦਿਨ ਉਸ ਨੇ ਖਾਣਾ ਨਹੀਂ ਖਾਧਾ ਕਿਉਂਕਿ ਉਹ ਦਾਵੀਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਸ ਦੇ ਪਿਤਾ ਨੇ ਦਾਵੀਦ ਦਾ ਬਹੁਤ ਨਿਰਾਦਰ ਕੀਤਾ।
35ਸਵੇਰ ਨੂੰ ਯੋਨਾਥਾਨ ਦਾਵੀਦ ਨੂੰ ਮਿਲਣ ਲਈ ਖੇਤ ਨੂੰ ਗਿਆ। ਉਸਦੇ ਨਾਲ ਇੱਕ ਛੋਟਾ ਮੁੰਡਾ ਸੀ,
36ਅਤੇ ਉਸ ਨੇ ਲੜਕੇ ਨੂੰ ਕਿਹਾ, ਦੌੜ ਜਾ ਅਤੇ ਉਹ ਤੀਰ ਲੱਭ ਜੋ ਮੈਂ ਚਲਾਉਂਦਾ ਹਾਂ। ਜਿਵੇਂ ਹੀ ਲੜਕਾ ਦੌੜਿਆ, ਉਸ ਨੇ ਉਸ ਤੋਂ ਅੱਗੇ ਤੀਰ ਮਾਰਿਆ।
37ਜਦੋਂ ਉਹ ਮੁੰਡਾ ਉਸ ਥਾਂ ਪਹੁੰਚਿਆ ਜਿੱਥੇ ਯੋਨਾਥਾਨ ਦਾ ਤੀਰ ਡਿੱਗਿਆ ਸੀ ਤਾਂ ਯੋਨਾਥਾਨ ਨੇ ਉਹ ਦੇ ਮਗਰ ਪੁਕਾਰ ਕੇ ਆਖਿਆ, ਕੀ ਉਹ ਤੀਰ ਤੇਰੇ ਤੋਂ ਪਰੇ ਨਹੀਂ ਹੈ?