1ਜਦੋਂ ਸ਼ਾਊਲ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਵਾਪਸ ਆਇਆ, ਤਾਂ ਲੋਕਾਂ ਉਸਨੂੰ ਦੱਸਿਆ, “ਦਾਵੀਦ ਏਨ ਗੇਦੀ ਦੇ ਉਜਾੜ ਵਿੱਚ ਹੈ।”
2ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਚੁਣਵੇਂ ਜੁਆਨਾਂ ਨੂੰ ਕੱਢ ਕੇ ਦਾਵੀਦ ਅਤੇ ਉਸ ਦੇ ਬੰਦਿਆਂ ਨੂੰ ਜੰਗਲੀ ਬੱਕਰੀਆਂ ਦੀ ਚਟਾਨਾਂ ਦੇ ਕੋਲ ਲੱਭਣ ਭੇਜਿਆ।
3ਉਹ ਰਾਹ ਵਿੱਚ ਭੇਡਾਂ ਦੇ ਵਾੜਿਆਂ ਕੋਲ ਆਇਆ। ਉੱਥੇ ਇੱਕ ਗੁਫ਼ਾ ਸੀ ਅਤੇ ਸ਼ਾਊਲ ਆਪਣੇ ਆਪ ਨੂੰ ਰਾਹਤ ਦੇਣ ਲਈ ਅੰਦਰ ਗਿਆ। ਉਸ ਵੇਲੇ ਦਾਵੀਦ ਆਪਣਿਆਂ ਮਨੁੱਖਾਂ ਸਮੇਤ ਉਸੇ ਗੁਫ਼ਾ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ।
4ਦਾਵੀਦ ਦੇ ਆਦਮੀਆਂ ਨੇ ਉਸਨੂੰ ਆਖਿਆ, “ਇਹ ਉਹ ਦਿਨ ਹੈ ਜਿਸ ਬਾਰੇ ਯਾਹਵੇਹ ਨੇ ਤੁਹਾਨੂੰ ਕਿਹਾ ਸੀ, ‘ਮੈਂ ਤੇਰੇ ਦੁਸ਼ਮਣ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ ਤਾਂ ਜੋ ਤੂੰ ਜਿਵੇਂ ਚਾਹੇ ਉਸ ਨਾਲ ਪੇਸ਼ ਆਵੇ।’ ” ਤਦ ਦਾਵੀਦ ਚੁੱਪ-ਚਾਪ ਉੱਠ ਕੇ ਸ਼ਾਊਲ ਦੀ ਚੱਦਰ ਦਾ ਪੱਲਾ ਕੱਟ ਲਿਆਇਆ।