1ਜਦੋਂ ਯਾਹਵੇਹ ਦਾ ਸੰਦੂਕ ਫ਼ਲਿਸਤੀਆਂ ਦੇ ਦੇਸ਼ ਵਿੱਚ ਸੱਤ ਮਹੀਨੇ ਰਿਹਾ,
2ਫ਼ਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਬੁਲਾਇਆ ਅਤੇ ਕਿਹਾ, “ਅਸੀਂ ਯਾਹਵੇਹ ਦੇ ਸੰਦੂਕ ਨਾਲ ਕੀ ਕਰੀਏ? ਸਾਨੂੰ ਦੱਸੋ ਕਿ ਅਸੀਂ ਇਸ ਨੂੰ ਇਸ ਦੀ ਥਾਂ ਤੇ ਕਿਵੇਂ ਵਾਪਸ ਭੇਜੀਏ।”
3ਉਹਨਾਂ ਨੇ ਉੱਤਰ ਦਿੱਤਾ, “ਜੇਕਰ ਤੁਸੀਂ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਮੋੜਦੇ ਹੋ, ਤਾਂ ਉਸ ਨੂੰ ਬਿਨਾਂ ਤੋਹਫ਼ੇ ਦੇ ਵਾਪਸ ਨਾ ਭੇਜੋ। ਸਗੋਂ ਇੱਕ ਦੋਸ਼ ਦੀ ਭੇਟ ਉਸ ਨਾਲ ਜ਼ਰੂਰ ਭੇਜ ਦਿਓ। ਫ਼ੇਰ ਤੁਸੀਂ ਚੰਗੇ ਹੋ ਜਾਵੋਂਗੇ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਉਸਦਾ ਹੱਥ ਤੁਹਾਡੇ ਤੋਂ ਕਿਉਂ ਨਹੀਂ ਚੁੱਕਿਆ ਗਿਆ।”
4ਫ਼ਲਿਸਤੀਆਂ ਨੇ ਪੁੱਛਿਆ, ਅਸੀਂ ਉਸ ਨੂੰ ਕਿਹੜੀ ਦੋਸ਼ ਦੀ ਭੇਟ ਚੜ੍ਹਾਈਏ? ਉਹਨਾਂ ਨੇ ਉੱਤਰ ਦਿੱਤਾ, “ਪੰਜ ਸੋਨੇ ਦੀਆਂ ਰਸੋਲੀਆਂ ਅਤੇ ਪੰਜ ਸੋਨੇ ਦੇ ਚੂਹੇ, ਫ਼ਲਿਸਤੀ ਹਾਕਮਾਂ ਦੀ ਗਿਣਤੀ ਦੇ ਅਨੁਸਾਰ, ਕਿਉਂਕਿ ਇੱਕੋ ਬਵਾ ਤੁਹਾਡੇ ਅਤੇ ਤੁਹਾਡੇ ਹਾਕਮਾਂ ਉੱਤੇ ਆਈ ਹੈ।
5ਸੋ ਤੁਸੀਂ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਅਤੇ ਉਹਨਾਂ ਚੂਹਿਆਂ ਦੀਆਂ ਮੂਰਤਾਂ ਜੋ ਦੇਸ ਨੂੰ ਵਿਗਾੜਦੀਆਂ ਹਨ ਬਣਾਓ ਅਤੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਕਰੋ। ਹੋ ਸਕਦਾ ਹੈ ਕਿ ਉਹ ਤੁਹਾਥੋਂ ਅਤੇ ਤੁਹਾਡੇ ਦੇਵਤਿਆਂ ਅਤੇ ਤੁਹਾਡੇ ਦੇਸ ਉੱਤੋਂ ਆਪਣਾ ਹੱਥ ਚੁੱਕ ਲਵੇ।