4ਇਸ ਲਈ ਇਸਰਾਏਲੀਆਂ ਨੇ ਬਆਲ ਅਤੇ ਅਸ਼ਤਾਰੋਥ ਨੂੰ ਕੱਢ ਦਿੱਤਾ ਅਤੇ ਕੇਵਲ ਯਾਹਵੇਹ ਦੀ ਹੀ ਸੇਵਾ ਕੀਤੀ।
5ਤਦ ਸਮੂਏਲ ਨੇ ਆਖਿਆ, “ਸਾਰੇ ਇਸਰਾਏਲ ਨੂੰ ਮਿਸਪਾਹ ਵਿੱਚ ਇਕੱਠਾ ਕਰੋ ਅਤੇ ਮੈਂ ਤੁਹਾਡੇ ਲਈ ਯਾਹਵੇਹ ਅੱਗੇ ਬੇਨਤੀ ਕਰਾਂਗਾ।”
6ਜਦੋਂ ਉਹ ਮਿਸਪਾਹ ਵਿੱਚ ਇਕੱਠੇ ਹੋਏ ਤਾਂ ਪਾਣੀ ਭਰ ਕੇ ਯਾਹਵੇਹ ਦੇ ਅੱਗੇ ਡੋਲ੍ਹ ਦਿੱਤਾ। ਉਸ ਦਿਨ ਉਹਨਾਂ ਨੇ ਵਰਤ ਰੱਖਿਆ ਅਤੇ ਉੱਥੇ ਉਹਨਾਂ ਨੇ ਮੰਨਿਆ, “ਅਸੀਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।” ਸਮੂਏਲ ਮਿਸਪਾਹ ਵਿੱਚ ਇਸਰਾਏਲੀਆਂ ਦਾ ਨਿਆਂ ਕੀਤਾ।
7ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਇਸਰਾਏਲ ਮਿਸਪਾਹ ਵਿੱਚ ਇਕੱਠੇ ਹੋਏ ਹਨ ਤਾਂ ਫ਼ਲਿਸਤੀਆਂ ਦੇ ਹਾਕਮ ਉਹਨਾਂ ਉੱਤੇ ਹਮਲਾ ਕਰਨ ਲਈ ਆਏ। ਜਦੋਂ ਇਸਰਾਏਲੀਆਂ ਨੇ ਇਹ ਸੁਣਿਆ, ਤਾਂ ਉਹ ਫ਼ਲਿਸਤੀਆਂ ਦੇ ਕਾਰਨ ਡਰ ਗਏ।
8ਉਹਨਾਂ ਨੇ ਸਮੂਏਲ ਨੂੰ ਆਖਿਆ, “ਚੁੱਪ ਨਾ ਰਹਿ ਸਾਡੇ ਲਈ ਯਾਹਵੇਹ ਪਰਮੇਸ਼ਵਰ ਅੱਗੇ ਦੁਹਾਈ ਦੇ, ਤਾਂ ਜੋ ਉਹ ਸਾਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇ।”