1ਹੇ ਭਰਾਵੋ ਅਤੇ ਭੈਣੋ, ਤੁਸੀਂ ਜਾਣਦੇ ਹੋ ਕਿ ਸਾਡੀ ਤੁਹਾਡੇ ਨਾਲ ਮੁਲਾਕਾਤ ਕਰਨੀ ਵਿਅਰਥ ਵਿੱਚ ਨਹੀਂ ਗਈ।
2ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਪਹਿਲਾਂ ਫ਼ਿਲਿੱਪੀ ਸ਼ਹਿਰ ਵਿੱਚ ਦੁੱਖ ਝੱਲੇ ਸੀ ਅਤੇ ਸਾਡੇ ਉੱਤੇ ਅੱਤਿਆਚਾਰ ਹੋਇਆ, ਪਰ ਸਾਡੇ ਪਰਮੇਸ਼ਵਰ ਦੀ ਸਹਾਇਤਾ ਨਾਲ ਅਸੀਂ ਸਖ਼ਤ ਵਿਰੋਧ ਦੇ ਬਾਵਜੂਦ ਵੀ ਤੁਹਾਨੂੰ ਉਸ ਦੀ ਖੁਸ਼ਖ਼ਬਰੀ ਦੱਸਣ ਦੀ ਹਿੰਮਤ ਕੀਤੀ।
3ਅਸੀਂ ਜੋ ਅਪੀਲ ਕਰਦੇ ਹਾਂ ਉਹ ਗਲਤੀ ਜਾਂ ਅਸ਼ੁੱਧ ਇਰਾਦਿਆਂ ਤੋਂ ਉਤਪੰਨ ਨਹੀਂ ਹੋਈ, ਨਾ ਹੀ ਅਸੀਂ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।
4ਇਸ ਦੇ ਉਲਟ, ਅਸੀਂ ਉਨ੍ਹਾਂ ਲੋਕਾਂ ਵਜੋਂ ਬੋਲਦੇ ਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਦੁਆਰਾ ਖੁਸ਼ਖ਼ਬਰੀ ਸੌਂਪੀ ਗਈ ਹੈ। ਅਸੀਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਪਰ ਪਰਮੇਸ਼ਵਰ ਜੋ ਸਾਡੇ ਦਿਲਾਂ ਨੂੰ ਜਾਂਚਦਾ ਹੈ।
5ਤੁਸੀਂ ਜਾਣਦੇ ਹੋ ਕਿ ਅਸੀਂ ਕਦੇ ਵੀ ਚਾਪਲੂਸੀ ਦੀ ਵਰਤੋਂ ਨਹੀਂ ਕੀਤੀ, ਨਾ ਹੀ ਅਸੀਂ ਲਾਲਚ ਨੂੰ ਲੁਕਾਉਣ ਲਈ ਪਰਦਾ ਪਾਇਆ, ਪਰਮੇਸ਼ਵਰ ਸਾਡਾ ਗਵਾਹ ਹੈ।