2ਹੁਣ ਅਹਜ਼ਯਾਹ ਸਾਮਰਿਯਾ ਵਿੱਚ ਆਪਣੇ ਚੁਬਾਰੇ ਦੀ ਜਾਲੀ ਵਿੱਚੋਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ। ਇਸ ਲਈ ਉਸ ਨੇ ਸੰਦੇਸ਼ਵਾਹਕਾਂ ਨੂੰ ਇਹ ਕਹਿ ਕੇ ਭੇਜਿਆ, “ਜਾਓ ਅਤੇ ਏਕਰੋਨ ਦੇ ਦੇਵਤੇ ਬਾਲ-ਜ਼ਬੂਬ ਨਾਲ ਸਲਾਹ ਕਰੋ ਕਿ ਮੈਂ ਇਸ ਸੱਟ ਤੋਂ ਠੀਕ ਹੋਵਾਂਗਾ ਜਾਂ ਨਹੀਂ।”
3ਪਰ ਯਾਹਵੇਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਕਿਹਾ, “ਉੱਠ ਅਤੇ ਸਾਮਰਿਯਾ ਦੇ ਰਾਜੇ ਦੇ ਸੰਦੇਸ਼ਵਾਹਕਾਂ ਨੂੰ ਮਿਲ ਅਤੇ ਉਹਨਾਂ ਨੂੰ ਪੁੱਛ, ‘ਕੀ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੁਸੀਂ ਸਲਾਹ ਕਰਨ ਲਈ ਬਾਲ-ਜ਼ਬੂਬ, ਏਕਰੋਨ ਦੇ ਦੇਵਤੇ ਕੋਲ ਜਾ ਰਹੇ ਹੋ?’
4ਇਸ ਲਈ ਯਾਹਵੇਹ ਆਖਦਾ ਹੈ: ‘ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਉੱਤੇ ਤੂੰ ਲੇਟਿਆ ਹੈ। ਸਗੋਂ ਤੂੰ ਜ਼ਰੂਰ ਮਰ ਜਾਵੇਂਗਾ!’ ” ਤਾਂ ਏਲੀਯਾਹ ਚਲਾ ਗਿਆ।
5ਜਦੋਂ ਸੰਦੇਸ਼ਵਾਹਕ ਰਾਜੇ ਕੋਲ ਵਾਪਸ ਆਏ, ਤਾਂ ਉਸਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਵਾਪਸ ਕਿਉਂ ਆਏ ਹੋ?”
6ਉਹਨਾਂ ਨੇ ਜਵਾਬ ਦਿੱਤਾ, “ਇੱਕ ਆਦਮੀ ਸਾਨੂੰ ਮਿਲਣ ਆਇਆ। ਅਤੇ ਉਸਨੇ ਸਾਨੂੰ ਕਿਹਾ, ‘ਉਸ ਰਾਜੇ ਕੋਲ ਵਾਪਸ ਜਾਓ ਜਿਸਨੇ ਤੁਹਾਨੂੰ ਭੇਜਿਆ ਸੀ ਅਤੇ ਉਸਨੂੰ ਆਖੋ, “ਯਾਹਵੇਹ ਇਹ ਆਖਦਾ ਹੈ: ਕਿ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੂੰ ਬਾਲ-ਜ਼ਬੂਬ ਏਕਰੋਨ ਦੇ ਦੇਵਤੇ ਨਾਲ ਸਲਾਹ ਕਰਨ ਲਈ ਸੰਦੇਸ਼ਵਾਹਕਾਂ ਨੂੰ ਭੇਜਦਾ ਹੈ? ਇਸ ਲਈ ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਤੇ ਤੂੰ ਲੇਟਿਆ। ਸਗੋਂ ਤੂੰ ਜ਼ਰੂਰ ਮਰ ਜਾਵੇਗਾ!” ’ ”