6ਉਹਨਾਂ ਨੇ ਜਵਾਬ ਦਿੱਤਾ, “ਇੱਕ ਆਦਮੀ ਸਾਨੂੰ ਮਿਲਣ ਆਇਆ। ਅਤੇ ਉਸਨੇ ਸਾਨੂੰ ਕਿਹਾ, ‘ਉਸ ਰਾਜੇ ਕੋਲ ਵਾਪਸ ਜਾਓ ਜਿਸਨੇ ਤੁਹਾਨੂੰ ਭੇਜਿਆ ਸੀ ਅਤੇ ਉਸਨੂੰ ਆਖੋ, “ਯਾਹਵੇਹ ਇਹ ਆਖਦਾ ਹੈ: ਕਿ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੂੰ ਬਾਲ-ਜ਼ਬੂਬ ਏਕਰੋਨ ਦੇ ਦੇਵਤੇ ਨਾਲ ਸਲਾਹ ਕਰਨ ਲਈ ਸੰਦੇਸ਼ਵਾਹਕਾਂ ਨੂੰ ਭੇਜਦਾ ਹੈ? ਇਸ ਲਈ ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਤੇ ਤੂੰ ਲੇਟਿਆ। ਸਗੋਂ ਤੂੰ ਜ਼ਰੂਰ ਮਰ ਜਾਵੇਗਾ!” ’ ”
7ਰਾਜੇ ਨੇ ਉਹਨਾਂ ਨੂੰ ਪੁੱਛਿਆ, “ਇਹ ਕਿਹੋ ਜਿਹਾ ਆਦਮੀ ਸੀ ਜੋ ਤੁਹਾਨੂੰ ਮਿਲਣ ਆਇਆ ਅਤੇ ਤੁਹਾਨੂੰ ਇਹ ਗੱਲਾਂ ਆਖੀਆਂ?”
8ਉਹਨਾਂ ਨੇ ਜਵਾਬ ਦਿੱਤਾ, “ਉਸ ਦੇ ਕੱਪੜੇ ਵਾਲਾਂ ਦੇ ਬਣੇ ਹੋਏ ਸਨ ਅਤੇ ਉਸਦੀ ਕਮਰ ਦੁਆਲੇ ਚਮੜੇ ਦੀ ਪੇਟੀ ਹੋਈ ਸੀ।” ਰਾਜੇ ਨੇ ਆਖਿਆ, “ਇਹ ਤਿਸ਼ਬੀ ਏਲੀਯਾਹ ਸੀ।”
9ਫਿਰ ਉਸਨੇ ਏਲੀਯਾਹ ਕੋਲ ਇੱਕ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਭੇਜਿਆ। ਸਰਦਾਰ ਏਲੀਯਾਹ ਕੋਲ ਗਿਆ, ਉਹ ਇੱਕ ਪਹਾੜੀ ਦੀ ਚੋਟੀ ਉੱਤੇ ਬੈਠਾ ਸੀ ਅਤੇ ਉਸ ਨੂੰ ਆਖਿਆ, “ਹੇ ਪਰਮੇਸ਼ਵਰ ਦੇ ਬੰਦੇ, ਰਾਜਾ ਆਖਦਾ ਹੈ, ‘ਤੂੰ ਹੇਠਾਂ ਆ ਜਾ!’ ”
10ਏਲੀਯਾਹ ਨੇ ਸਰਦਾਰ ਨੂੰ ਉੱਤਰ ਦਿੱਤਾ, “ਜੇਕਰ ਮੈਂ ਪਰਮੇਸ਼ਵਰ ਦਾ ਬੰਦਾ ਹਾਂ, ਤਾਂ ਅਕਾਸ਼ ਤੋਂ ਅੱਗ ਉਤਰੇ ਤੈਨੂੰ ਅਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ।” ਤਦ ਅਕਾਸ਼ ਤੋਂ ਅੱਗ ਉਤਰੀ ਅਤੇ ਉਸਨੂੰ ਅਤੇ ਉਸਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ।