1ਹੁਣ ਸਾਮਰਿਯਾ ਵਿੱਚ ਅਹਾਬ ਦੇ ਘਰਾਣੇ ਦੇ ਸੱਤਰ ਪੁੱਤਰ ਸਨ। ਇਸ ਲਈ ਯੇਹੂ ਨੇ ਚਿੱਠੀਆਂ ਲਿਖੀਆਂ ਅਤੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਅਧਿਕਾਰੀਆਂ ਨੂੰ, ਬਜ਼ੁਰਗਾਂ ਅਤੇ ਅਹਾਬ ਦੇ ਬੱਚਿਆਂ ਦੇ ਸਰਪ੍ਰਸਤਾਂ ਨੂੰ ਭੇਜੀਆਂ ਅਤੇ ਉਸ ਨੇ ਕਿਹਾ,
2“ਤੁਹਾਡੇ ਕੋਲ ਤੁਹਾਡੇ ਮਾਲਕ ਦੇ ਪੁੱਤਰ ਹਨ ਅਤੇ ਤੁਹਾਡੇ ਕੋਲ ਰਥ ਅਤੇ ਘੋੜੇ ਹਨ, ਇੱਕ ਸ਼ਹਿਰਪਨਾਹ ਵਾਲੇ ਸ਼ਹਿਰ ਅਤੇ ਹਥਿਆਰ ਹਨ। ਹੁਣ ਜਿਵੇਂ ਹੀ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ,
3ਆਪਣੇ ਮਾਲਕ ਦੇ ਪੁੱਤਰਾਂ ਵਿੱਚੋਂ ਸਭ ਤੋਂ ਵਧੀਆ, ਸਭ ਤੋਂ ਯੋਗ ਚੁਣੋ ਅਤੇ ਉਸ ਨੂੰ ਉਸ ਦੇ ਪਿਤਾ ਦੀ ਗੱਦੀ ਉੱਤੇ ਬਿਠਾਓ। ਫਿਰ ਆਪਣੇ ਮਾਲਕ ਦੇ ਘਰ ਲਈ ਯੁੱਧ ਕਰੋ।”
4ਪਰ ਉਹ ਘਬਰਾ ਗਏ ਅਤੇ ਬੋਲੇ, “ਜੇ ਦੋ ਰਾਜੇ ਉਸਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਅਸੀਂ ਕਿਵੇਂ ਕਰ ਸਕਦੇ ਹਾਂ?”
5ਇਸ ਲਈ ਮਹਿਲ ਦੇ ਪ੍ਰਬੰਧਕ, ਸ਼ਹਿਰ ਦੇ ਅਧਿਕਾਰੀਆਂ, ਬਜ਼ੁਰਗਾਂ ਅਤੇ ਸ਼ਹਿਰ ਦੇ ਪ੍ਰਧਾਨਾਂ ਨੇ ਯੇਹੂ ਨੂੰ ਇਹ ਸੰਦੇਸ਼ ਭੇਜਿਆ, “ਅਸੀਂ ਤੁਹਾਡੇ ਸੇਵਕ ਹਾਂ ਅਤੇ ਜੋ ਵੀ ਤੁਸੀਂ ਕਹੋਗੇ ਅਸੀਂ ਕਰਾਂਗੇ। ਅਸੀਂ ਕਿਸੇ ਨੂੰ ਰਾਜਾ ਨਹੀਂ ਨਿਯੁਕਤ ਕਰਾਂਗੇ, ਤੁਸੀਂ ਉਹੀ ਕਰਦੇ ਹੋ ਜੋ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹੈ।”